ਵਰਕਸ਼ਾਪ ਦੌਰਾਨ ਪ੍ਰਾਰਥੀਆਂ ਨੂੰ ਦੱਸੇ ਇੰਟਰਵਿਊ ’ਚ ਸਫ਼ਲਤਾ ਦੇ ਗੁਰ

ਨਵਾਂਸ਼ਹਿਰ, 2 ਸਤੰਬਰ 2021 ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ਤਹਿਤ 7ਵੇਂ ਜ਼ਿਲਾ ਪੱਧਰੀ ਮੈਗਾ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਇਨਾਂ ਰੋਜ਼ਗਾਰ ਮੇਲਿਆਂ ਦੌਰਾਨ ਹੋਣ ਵਾਲੀ ਇੰਟਰਵਿਊ ਦੀ ਤਿਆਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਕੇ. ਸੀ ਗਰੁੱਪ ਆਫ਼ ਕਾਲਜਿਜ਼ ਦੇ ਸਹਿਯੋਗ ਨਾਲ ਬਿਊਰੋ ਵਿਖੇ ਮੁਫ਼ਤ ਵਰਕਸ਼ਾਪ ਲਗਾਈ ਗਈ। ਵਰਕਸ਼ਾਪ ਦੇ ਪਹਿਲੇ ਸੈਸ਼ਨ ਦੀ ਸ਼ੁਰੂਆਤ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਅਤੇ ਸਹਾਇਕ ਕਮਿਸ਼ਨਰ ਅਨਿਲ ਗੁਪਤਾ ਵੱਲੋਂ ਕੀਤੀ ਗਈ। ਇਸ ਦੌਰਾਨ ਕੇ. ਸੀ. ਗਰੁੱਪ ਆਫ਼ ਕਾਲਜਿਜ਼ ਦੇ ਪ੍ਰੋਫੈਸ਼ਨਲ ਟਰੇਨਰ ਮੈਡਮ ਸ਼ਿਲਪੀ ਵੱਲੋਂ ਪ੍ਰਾਰਥੀਆਂ ਨੂੰ ਇੰਟਰਵਿਊ ਦੌਰਾਨ ਧਿਆਨ ਰੱਖਣ ਯੋਗ ਗੱਲਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਉਂਦਿਆਂ ਇਸ ਵਿਚ ਸਫਲ ਹੋਣ ਦੇ ਗੁਰ ਦੱਸੇ। ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਨੇ ਇਸ ਮੌਕੇ ਕਿਹਾ ਕਿ ਪ੍ਰਾਰਥੀਆਂ ਨੂੰ ਇੰਟਰਵਿਊ ਦੇਣ ਸਮੇਂ ਕਈ ਤਰਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਉਨਾਂ ਦਾ ਮਨੋਬਲ ਕਮਜ਼ੋਰ ਹੁੰਦਾ ਹੈ। ਉਨਾਂ ਦੱਸਿਆ ਕਿ ਇਸ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਹ ਵਰਕਸ਼ਾਪ ਲਗਾਈ ਗਈ ਹੈ, ਤਾਂ ਜੋ ਵੱਧ ਤੋਂ ਵੱਧ ਪ੍ਰਾਰਥੀ ਇੰਟਰਵਿਊ ਵਿਚ ਸਫਲਤਾ ਹਾਸਲ ਕਰਕੇ ਰੋਜ਼ਗਾਰ ਹਾਸਲ ਕਰ ਸਕਣ। ਇਸ ਮੌਕੇ ਜ਼ਿਲਾ ਰੋਜ਼ਗਾਰ ਅਫ਼ਸਰ ਸੰਜੀਵ ਕੁਮਾਰ, ਕਰੀਅਰ ਕਾਊਂਸਲਰ ਹਰਮਨਦੀਪ ਸਿੰਘ, ਪਲੇਸਮੈਂਟ ਅਫ਼ਸਰ ਅਮਿਤ ਕੁਮਾਰ, ਟ੍ਰੇਨਿੰਗ ਅਫ਼ਸਰ ਅੰਕੁਸ਼, ਪ੍ਰਭਜੋਤ ਸਿੰਘ, ਰਵਿੰਦਰ ਕੌਰ ਤੇ ਹੋਰ ਹਾਜ਼ਰ ਸਨ।
ਫੋਟੋ :-ਇੰਟਰਵਿਊ ਦੀ ਤਿਆਰੀ ਲਈ ਵਰਕਸ਼ਾਪ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਸਹਾਇਕ ਕਮਿਸ਼ਨਰ ਅਨਿਲ ਗੁਪਤਾ, ਜ਼ਿਲਾ ਰੋਜ਼ਗਾਰ ਅਫ਼ਸਰ ਸੰਜੀਵ ਕੁਮਾਰ, ਟਰੇਨਰ ਮੈਡਮ ਸ਼ਿਲਪੀ ਤੇ ਹੋਰ।

Spread the love