ਹੁਸ਼ਿਆਰਪੁਰ, 21 ਸਤੰਬਰ:
ਵਿਜੀਲੈਂਸ ਬਿਓਰੋ ਜਲੰਧਰ ਰੇਂਜ ਨੇ ਥਾਣਾ ਸਿਟੀ ਹੁਸ਼ਿਆਰਪੁਰ ’ਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਦਵਿੰਦਰ ਕੁਮਾਰ ਨੂੰ 4000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰਕੇ ਥਾਣਾ ਵਿਜੀਲੈਂਸ ਬਿਓਰੋ ਜਲੰਧਰ ਰੇਂਜ ਵਿਖੇ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਓਰੋ ਜਲੰਧਰ ਰੇਂਜ ਦਲਜਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਏ.ਐਸ.ਆਈ. ਦਵਿੰਦਰ ਕੁਮਾਰ ਨੂੰ ਸ਼ਿਕਾਇਤਕਰਤਾ ਦੀਪਕ ਨਖਵਾਲ ਦੀ ਸ਼ਿਕਾਇਤ ਉਤੇ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਹੁਸ਼ਿਆਰਪੁਰ ਵਿਖੇ ਲਾਟਰੀਆਂ ਦੀ ਦੁਕਾਨ ਕਰਦਾ ਹੈ ਜਿਸ ਨੇ ਦੱਸਿਆ ਕਿ ਉਸ ਦੀ ਦੁਕਾਨ ਉਤੇ ਕਿਸ਼ਨ ਕੁਮਾਰ ਉਰਫ ਗਗਨ ਨਾਮੀ ਲੜਕਾ ਕੰਮ ਕਰਦਾ ਹੈ, ਜਿਸ ਨੂੰ ਏ.ਐਸ.ਆਈ. ਦਵਿੰਦਰ ਕੁਮਾਰ 1 ਅਗਸਤ ਨੂੰ ਫੜ ਕੇ ਲੈ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਏ.ਐਸ.ਆਈ. ਨੇ ਕਿਸ਼ਨ ਕੁਮਾਰ ਉਪਰ ਦੜੇ ਸੱਟੇ ਦਾ ਕੰਮ ਕਰਨ ਸਬੰਧੀ ਥਾਣਾ ਸਿਟੀ ਮੁਕਦਮਾ ਦਰਜ ਕਰ ਦਿੱਤਾ।
ਸੀਨੀਅਰ ਪੁਲਿਸ ਕਪਤਾਨ ਦਲਜਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਏ.ਐਸ.ਆਈ. ਦਲਵਿੰਦਰ ਕੁਮਾਰ ਨੇ 20 ਸਤੰਬਰ ਨੂੰ ਦੋ ਵਾਰ ਸ਼ਿਕਾਇਤਕਰਤਾ ਨੂੰ ਫੋਨ ਕੀਤਾ ਪਰ ਸ਼ਿਕਾਇਤਕਰਤਾ ਕਿਤੇ ਮਸ਼ਰੂਫ ਹੋਣ ਕਾਰਨ ਉਸ ਦਾ ਫੋਨ ਨਹੀਂ ਚੁੱਕ ਸਕਿਆ। ਇਸ ਉਪਰੰਤ ਸ਼ਿਕਾਇਤਕਰਤਾ ਨੇ ਕੁਝ ਦੇਰ ਬਾਅਦ ਜਦੋਂ ਦਵਿੰਦਰ ਕੁਮਾਰ ਨੂੰ ਫੋਨ ਕੀਤਾ ਤਾਂ ਉਸ ਨੇ ਉਸ ਨੂੰ ਕਿਹਾ ਕਿ ਉਸ ਨੇ 21 ਸਤੰਬਰ 2020 ਨੂੰ ਮੁਕਦਮੇ ਸਬੰਧੀ ਅਦਾਲਤ ਵਿੱਚ ਚਲਾਨ ਪੇਸ਼ ਕਰਨਾ ਹੈ ਜਿਸ ਕਰਕੇ ਉਹ ਜਮਾਨਤ ਉਤੇ ਗਏ ਕਿਸ਼ਨ ਕੁਮਾਰ ਉਰਫ ਗਗਨ ਨੂੰ ਨਾਲ ਲੈ ਕੇ 4000 ਰੁਪਏ ਲੈ ਕੇ ਆਵੇ।
ਸ਼ਿਕਾਇਤ ਉਤੇ ਕਾਰਵਾਈ ਕਰਦਿਆਂ ਡੀ.ਐਸ.ਪੀ. ਵਿਜੀਲੈਂਸ ਬਿਓਰੋ ਹੁਸ਼ਿਆਰਪੁਰ ਨਿਰੰਜਨ ਸਿੰਘ ਦੀ ਨਿਗਰਾਨੀ ਹੇਠ ਵਿਜੀਲੈਂਸ ਬਿਓਰੋ ਦੇ ਇੰਸਪੈਕਟਰ ਰਾਜਵਿੰਦਰ ਕੌਰ, ਸਬ-ਇੰਸਪੈਕਟਰ ਗੁਰਬਖਸ਼ ਸਿੰਘ, ਏ.ਐਸ.ਆਈ. ਜਗਰੂਪ ਸਿੰਘ, ਏ.ਐਸ.ਆਈ. ਗੁਰਜੀਤ ਸਿੰਘ, ਏ.ਐਸ.ਆਈ. ਰਣਜੀਤ ਸਿੰਘ ਆਦਿ ਦੀ ਟੀਮ ਨੇ ਸਰਕਾਰੀ ਗਵਾਹ ਦੀ ਹਾਜ਼ਰੀ ਵਿੱਚ ਟਰੈਪ ਲਾ ਕੇ ਏ.ਐਸ.ਆਈ. ਦਵਿੰਦਰ ਕੁਮਾਰ ਨੂੰ ਸ਼ਿਕਾਇਤਕਰਤਾ ਪਾਸੋਂ 4000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ।