ਕਿਹਾ, ਕਿਸਾਨਾਂ ਦਾ ਰਹਿੰਦਾ ਬਕਾਇਆ ਵੀ ਜਲਦ ਹੋਵੇਗਾ ਜਾਰੀ
ਨਵਾਂਸ਼ਹਿਰ, 11 ਮਈ 2021
ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ ਕਰ ਕੇ ਉਨਾਂ ਵੱਲੋਂ ਕਿਸਾਨਾਂ ਦੇ ਗੰਨੇ ਦੀ ਅਦਾਇਗੀ ਦੇ ਪਹਿਲੇ ਫੇਜ਼ ਵਜੋਂ ਸ਼ੂਗਰਫੈੱਡ ਨੂੰ 100 ਕਰੋੜ ਰੁਪਏ ਜਾਰੀ ਕਰਨ ’ਤੇ ਧੰਨਵਾਦ ਕੀਤਾ। ਉਨਾਂ ਕਿਹਾ ਕਿ ਵਿੱਤ ਮੰਤਰੀ ਵੱਲੋਂ ਕੋਵਿਡ ਮਹਾਮਾਰੀ ਦੀ ਇਸ ਔਖੀ ਘੜੀ ਵਿਚ ਬੇਹੱਦ ਮੁਸ਼ਕਲ ਹਾਲਾਤ ਦਾ ਸਾਹਮਣਾ ਕਰ ਰਹੇ ਕਿਸਾਨਾਂ ਦੀ ਬਾਂਹ ਫੜਨਾ ਇਕ ਸ਼ਲਾਘਾਯੋਗ ਕਦਮ ਹੈ। ਉਨਾਂ ਕਿਹਾ ਕਿ ਇਸ ਨਾਲ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਵੱਲ ਕਿਸਾਨਾਂ ਦੇ ਰੁਕੇ ਹੋਏ ਬਕਾਏ ਦੀ ਅਦਾਇਗੀ ਦਾ ਰਾਹ ਪੱਧਰਾ ਹੋਇਆ ਹੈ। ਉਨਾਂ ਕਿਹਾ ਕਿ ਪਹਿਲੇ ਫੇਜ਼ ਵਿਚ ਸਹਿਕਾਰੀ ਮਿੱਲਾਂ ਨੂੰ ਬਕਾਏ ਦੀ ਅਦਾਇਗੀ ਲਈ 100 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਅਤੇ ਗੰਨਾ ਕਾਸ਼ਤਕਾਰਾਂ ਦੇ ਬਾਕੀ ਰਹਿੰਦੇ ਬਕਾਏ ਦੀ ਅਦਾਇਗੀ ਵੀ ਪਹਿਲ ਦੇ ਆਧਾਰ ’ਤੇ ਜਲਦ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਉਹ ਪਿਛਲੇ ਹਫ਼ਤੇ ਵੀ ਇਸ ਸਿਲਸਿਲੇ ਵਿਚ ਵਿੱਤ ਮੰਤਰੀ ਨੂੰ ਮਿਲੇ ਸਨ ਅਤੇ ਅੱਜ ਦੁਬਾਰਾ ਮੁਲਾਕਾਤ ਕਰ ਕੇ ਕਿਸਾਨਾਂ ਦੀ ਬਾਂਹ ਫੜਨ ’ਤੇ ਉਨਾਂ ਦਾ ਧੰਨਵਾਦ ਕਰਦਿਆਂ ਰਹਿੰਦਾ ਬਕਾਇਆ ਵੀ ਜਲਦ ਜਾਰੀ ਕਰਨ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਇਹ ਰਾਸ਼ੀ ਜਾਰੀ ਹੋਣ ਨਾਲ ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਨਾਲ ਜੁੜੇ ਕਿਸਾਨਾਂ ਨੂੰ ਵੀ ਵੱਡੀ ਰਾਹਤ ਮਿਲੇਗੀ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕਿਸਾਨਾਂ ਦੀ ਗੰਨੇ ਦੀ ਰਹਿੰਦੀ ਅਦਾਇਗੀ ਵੀ ਪਹਿਲ ਦੇ ਆਧਾਰ ’ਤੇ ਕਰਨ ਸਬੰਧੀ ਪੱਤਰ ਸੌਂਪਦੇ ਹੋਏ ਵਿਧਾਇਕ ਅੰਗਦ ਸਿੰਘ।