ਵਿਧਾਇਕ ਅੰਗਦ ਸਿੰਘ ਵੱਲੋਂ ਰੇਲਵੇ ਰੋਡ ਤੋਂ ਨਹਿਰੂ ਗੇਟ ਚੌਕ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ

*ਸ੍ਰੀ ਗੁਰੂ ਰਵਿਦਾਸ ਚੌਕ ਨੂੰ ਵੀ ਵਧੀਆ ਢੰਗ ਨਾਲ ਬਣਾਇਆ ਜਾਵੇਗਾ
ਨਵਾਂਸ਼ਹਿਰ, 1 ਅਕਤੂਬਰ :
ਸ਼ਹਿਰ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਵੱਲੋਂ ਅੱਜ ਨਵਾਂਸ਼ਹਿਰ ਦੇ ਰੇਲਵੇ ਰੋਡ ਤੋਂ ਨਹਿਰੂ ਗੇਟ ਚੌਕ ਤੱਕ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਗਈ, ਜਿਸ ’ਤੇ 83 ਲੱਖ ਰੁਪਏ ਦੀ ਲਾਗਤ ਆਵੇਗੀ। ਚਿਰਾਂ ਤੋਂ ਤਰਸਯੋਗ ਹਾਲਤ ਵਿਚ ਚੱਲ ਰਹੀ ਇਸ ਸੜਕ ਦੇ ਬਣਨ ਨਾਲ ਇਥੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਇਸ ਦੇ ਨਾਲ ਹੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਭਗਤਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਸ੍ਰੀ ਗੁਰੂ ਰਵਿਦਾਸ ਚੌਕ ਨੂੰ ਵੀ ਵਧੀਆ ਢੰਗ ਨਾਲ ਬਣਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਨਵਾਂਸ਼ਹਿਰ ਹਲਕੇ ਦਾ ਸਰਬਪੱਖੀ ਵਿਕਾਸ ਉਨਾਂ ਦੀ ਪ੍ਰਮੁੱਖ ਤਰਜੀਹ ਹੈ ਅਤੇ ਇਸ ਵਿਚ ਕੋਈ ਵੀ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਹਲਕਾ ਵਾਸੀਆਂ ਦੇ ਪਿਆਰ ਅਤੇ ਸਹਿਯੋਗ ਦੇ ਉਹ ਹਮੇਸ਼ਾ ਰਿਣੀ ਰਹਿਣਗੇ ਹਲਕੇ ਨੂੰ ਵਿਕਾਸ ਦੀਆਂ ਬੁਲੰਦੀਆਂ ’ਤੇ ਲਿਜਾਣ ਵਿਚ ਕੋਈ ਕਮੀ ਨਹੀਂ ਰਹਿਣ ਦੇਣਗੇ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਚਮਨ ਸਿੰਘ ਭਾਨਮਾਜਰਾ, ਜ਼ਿਲਾ ਪ੍ਰੀਸ਼ਦ ਦੇ ਚੇਅਰਪਰਸਨ ਹਰਮੇਸ਼ ਕੌਰ, ਰਾਜਿੰਦਰ ਚੋਪੜਾ, ਰੋਮੀ ਖੋਸਲਾ, ਡਾ. ਕਮਲਜੀਤ ਲਾਲ, ਗੁਰਦੇਵ ਕੌਰ, ਮਨਜੀਤ ਕੌਰ, ਰਚਨਾ ਛਾਬੜਾ, ਮੋਹਿੰਦਰ ਸਿੰਘ, ਬਲਵੀਰ ਸਿੰਘ, ਸੁਰਿੰਦਰ ਰਾਣਾ, ਵਰਿੰਦਰ ਚੋਪੜਾ, ਹੇਮੰਤ ਚੋਪੜਾ, ਰਾਜਵਿੰਦਰ ਹੀਰ, ਰਾਕੇਸ਼ ਕੁਮਾਰ ਵਿੱਕੀ, ਵਿਕਾਸ ਸੋਨੀ, ਭੁਵਨ ਸ਼ਾਰਦਾ ਤੇ ਹੋਰ ਹਾਜ਼ਰ ਸਨ।
Spread the love