ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੋਨਾ ਨਾਨਕਾ ਦਾ ਕੀਤਾ ਦੌਰਾ

ਸਰਕਾਰ ਵੱਲੋ ਸਕੂਲਾਂ ਲਈ ਕਰੋੜਾਂ ਰੁਪਏ ਦੀ ਰਾਸ਼ੀ ਖਰਚ ਕੇ ਸਕੂਲਾਂ ਦੀ ਬਦਲੀ ਜਾ ਰਹੀ ਹੈ ਨੁਹਾਰ: ਵਿਧਾਇਕ ਘੁਬਾਇਆ
ਸਕੂਲ ਦੇ ਵਿਕਾਸ ਕਾਰਜਾਂ ਲਈ ਦਿੱਤੀ 2 ਲੱਖ ਦੀ ਗ੍ਰਾਂਟ
ਫਾਜ਼ਿਲਕਾ, 9 ਸਤੰਬਰ 2021
ਫਾਜਿਲਕਾ ਦੇ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਨੇ ਸਰਹੱਦੀ ਖੇਤਰ ਦੇ ਸਕੂਲ ਦੋਨਾ ਨਾਨਕਾ ਦਾ ਦੌਰਾ ਕਰਕੇ ਸਕੂਲ ਵਿੱਚ ਵੱਡਾ ਵਾਟਰ ਕੂਲਰ ਲਗਾਉਣ ਅਤੇ ਹੋਰ ਰਹਿੰਦੇ ਕੰਮ ਕਰਾਉਣ ਲਈ ਸਕੂਲ ਨੂੰ ਦੋ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਵਿਧਾਇਕ ਘੁਬਾਇਆ ਨੇ ਸਕੂਲ ਪੁੱਜੇ ਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ । ਸਕੂਲ ਸਟਾਫ ਵੱਲੋ ਉਹਨਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਗਿਆ। ਜਿਸ ‘ਤੇ ਉਹਨਾ ਨੇ ਸਕੂਲ ਸਟਾਫ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਵਿਧਾਇਕ ਘੁਬਾਇਆ ਨੇ ਕਿਹਾ ਕਿ ਸਿੱਖਿਆ ਕਿਸੇ ਵੀ ਸੱਭਿਅਕ ਸਮਾਜ ਦੀ ਨੀਂਹ ਹੁੰਦੀ ਹੈ ਅਤੇ ਅਧਿਆਪਕ ਸਾਡੇ ਚਾਨਣ ਮੁਨਾਰੇ। ਪੰਜਾਬ ਸਰਕਾਰ ਵੱਲੋਂ ਸੂਬੇ ਦੀ ਸਿੱਖਿਆ ਨੂੰ ਤਰਜੀਹ ਦਿੱਤੀ ਜਾ ਰਹੀ। ਸਰਕਾਰ ਵੱਲੋ ਸਕੂਲਾਂ ਲਈ ਕਰੋੜਾ ਰੁਪਏ ਦੀ ਰਾਸ਼ੀ ਖਰਚ ਕੇ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ ਅਤੇ ਪੰਜਾਬ ਦੇ ਸਕੂਲਾਂ ਨੂੰ ਸਮਾਰਟ ਸਕੂਲ ਬਣਾ ਕੇ ਸਮੇ ਦੇ ਹਾਣੀ ਬਣਾਇਆ ਜਾ ਰਿਹਾ ਹੈ। ਸਕੂਲਾਂ ਨੂੰ ਆਧੁਨਿਕ ਸਾਧਨਾਂ ਨਾਲ ਲੈਸ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਮਿਹਨਤੀ ਅਧਿਆਪਕਾਂ ਦੀ ਬਦੌਲਤ ਪੰਜਾਬ ਨੇ ਸਿੱਖਿਆ ਦੇ ਖੇਤਰ ਵਿੱਚ ਪੂਰੇ ਭਾਰਤ ਵਿੱਚੋਂ ਮੋਹਰੀ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਤੇ ਸਕੂਲ ਸਟਾਫ ਮੈਂਬਰ ਸੁਖਦੇਵ ਸਿੰਘ, ਸੁਨੀਲ ਕੁਮਾਰ, ਸੁਖਵਿੰਦਰ ਸਿੰਘ, ਕੁਲਦੀਪ ਕੁਮਾਰ ਪਿੰਡ ਦੇ ਸਰਪੰਚ ਬੂੜ ਸਿੰਘ, ਪੰਚ ਗੁਲਜਾਰ ਸਿੰਘ, ਓਮ ਸਿੰਘ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮੰਗਤ ਸਿੰਘ,ਸਮੂਹ ਕਮੇਟੀ ਮੈਬਰ, ਪਿੰਡ ਦੇ ਯੂਥ ਕਲੱਬ ਦੇ ਮੈਂਬਰ ਬਲਵਿੰਦਰ ਸਿੰਘ ਅਤੇ ਪਿੰਡ ਵਾਸੀ ਮੌਜੂਦ ਸਨ।

Spread the love