ਵਿਧਾਇਕ ਪਿੰਕੀ ਵੱਲੋਂ ਸ਼ਹੀਦ ਊਧਮ ਸਿੰਘ ਭਵਨ ਤੇ ਚੌਂਕ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਲਈ 25 ਲੱਖ ਰੁਪਏ ਦੀ ਰਾਸ਼ੀ ਜਾਰੀ

ਕਿਹਾ, ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ
ਫਿਰੋਜ਼ਪੁਰ 10 ਅਗਸਤ 2021
ਫਿਰੋਜ਼ਪੁਰ ਸ਼ਹਿਰ ਤੇ ਛਾਉਣੀ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਘਾਟ ਨਹੀਂ ਹੈ। ਸਰਕਾਰ ਨਿਰੰਤਰ ਪੈਸੇ ਜਾਰੀ ਕਰ ਰਹੀ ਹੈ। ਇਹ ਪ੍ਰਗਟਾਵਾ ਵਿਧਾਇਕ ਫਿਰੋਜ਼ਪੁਰ ਸਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ ਵੱਲੋਂ ਜ਼ੀਰਾ ਰੋਡ ਫਿਰੋਜ਼ਪੁਰ ਸ਼ਹਿਰ ਵਿਖੇ ਸਥਾਪਿਤ ਸ਼ਹੀਦ ਊਧਮ ਸਿੰਘ ਭਵਨ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਲਈ 15 ਲੱਖ ਰੁਪਏ ਦੀ ਅਤੇ ਸ਼ਹੀਦ ਊਧਮ ਸਿੰਘ ਚੌਂਕ ਫਿਰੋਜ਼ਪੁਰ ਦੇ ਸੁੰਦਰੀਕਰਨ ਲਈ 10 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨ ਮੌਕੇ ਕੀਤਾ ਗਿਆ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਇਨ੍ਹਾਂ ਪੈਸਿਆਂ ਨਾਲ ਸ਼ਹੀਦ ਊਧਮ ਸਿੰਘ ਭਵਨ ਤੇ ਚੌਂਕ ਦਾ ਪੂਰੀ ਤਰਾਂ ਵਿਕਾਸ ਹੋਵੇਗਾ ਅਤੇ ਇਥੋਂ ਦੀ ਸੁੰਦਰੀਕਰਨ ਦੇਖਣ ਯੋਗ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ਹੀਦ ਸਾਡੇ ਦੇਸ਼ ਦਾ ਸਰਮਾਇਆ ਹਨ, ਇਨ੍ਹਾਂ ਦੀ ਦਿੱਤੀ ਸਹਾਦਤ ਦੀ ਬਦੌਲਤ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ ਮੈਨੂੰ ਮਾਣ ਹੈ ਕਿ ਮੈਨੂੰ ਸ਼ਹੀਦ ਊਧਮ ਸਿੰਘ ਭਵਨ ਅਤੇ ਸ਼ਹੀਦ ਊਧਮ ਸਿੰਘ ਚੌਂਕ ਲਈ ਕੁਝ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੈਸਿਆਂ ਨਾਲ ਹੁਣ ਸ਼ਹੀਦ ਊਧਮ ਸਿੰਘ ਭਵਨ ਦਾ ਨਵੀਨੀਕਰਨ ਹੋਵੇਗਾ ਤੇ ਜੋ ਵੀ ਕੰਮ ਭਵਨ ਵਿੱਚ ਅਧੂਰੇ ਪਏ ਹਨ ਉਹ ਇਨ੍ਹਾਂ ਪੈਸਿਆਂ ਨਾਲ ਪੂਰੇ ਕੀਤੇ ਜਾਣਗੇ ਅਤੇ ਸ਼ਹੀਦ ਊਧਮ ਸਿੰਘ ਚੌਂਕ ਦਾ ਇਸ ਰਾਸ਼ੀ ਨਾਲ ਸੁੰਦਰੀਕਰਨ ਹੋਵੇਗਾ ਜਿਸ ਕਾਰਨ ਇਹ ਚੌਂਕ ਵੇਖਣ ਵਿੱਚ ਇੱਕ ਅਦਭੁਤ ਨਜ਼ਾਰਾ ਪੇਸ਼ ਕਰੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਫਿਰੋਜ਼ਪੁਰ ਸ਼ਹਿਰ ਨੂੰ ਵਿਕਾਸ ਪੱਖੀ ਸ਼ਹਿਰਾਂ ਦੀ ਲੜੀ ਵਿੱਚ ਇੱਕ ਖਾਸ ਸਥਾਨ ਪ੍ਰਾਪਤ ਹੋਵੇ ਜਿਸ ਤਹਿਤ ਉਨ੍ਹਾਂ ਵੱਲੋਂ ਆਪਣੇ ਹਲਕੇ ਦੇ ਵਿਕਾਸ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ ਤੇ ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਫਿਰੋਜ਼ਪੁਰ ਵਿੱਚ ਸੜਕਾਂ, ਪਾਰਕਾਂ, ਗਲੀਆਂ, ਖੇਡ ਬੁਨਿਆਦੀ ਢਾਂਚੇ ਤੋਂ ਇਲਾਵਾ ਇਤਿਹਾਸਕ ਗੇਟਾਂ ਦੇ ਨਿਰਮਾਣ ਆਦਿ ਵਰਗੇ ਕਾਰਜਾਂ ਨੂੰ ਵੀ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਫਿਰੋਜ਼ਪੁਰ ਵਿਚ ਹਲਕਾ ਨਿਵਾਸੀਆਂ ਦੀ ਸਹੂਲਤ ਲਈ ਹੋਰ ਵੀ ਕਈ ਪ੍ਰਾਜੈਟਕ ਲਿਆਂਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਛਾਉਣੀ ਅਤੇ ਸ਼ਹਿਰ ਦੇ ਕਈ ਇਲਾਕਿਆਂ ਦੀਆਂ ਸੜਕਾਂ ਚੌੜੀਆਂ ਕਰਨ ਦੇ ਨਾਲ-ਨਾਲ, ਪਾਰਕਾਂ ਦਾ ਨਿਰਮਾਣ, ਓਪਨ ਜ਼ਿਮ ਲਗਾਉਣ ਅਤੇ ਗਲੀਆਂ ਤੇ ਨਾਲੀਆਂ ਦੀ ਮੁਰੰਮਤ ਅਤੇ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਫਿਰੋਜ਼ਪੁਰ ਸਹਿਰ ਅਤੇ ਛਾਉਣੀ ਦੇ ਸੁੰਦਰੀਕਰਨ ਦੇ ਲਈ ਉਚੇਚੇ ਤੌਰ ਤੇ ਖਾਕਾ ਤਿਆਰ ਕੀਤਾ ਗਿਆ ਹੈ।
ਇਸ ਮੌਕੇ ਪ੍ਰਧਾਨ ਨਗਰ ਕੌਂਸਲ ਰਿੰਕੂ ਗਰੋਵਰ, ਚੇਅਰਮੈਨ ਮਾਰਕਿਟ ਕਮੇਟੀ ਹਰਜਿੰਦਰ ਸਿੰਘ, ਚੈਅਰਮੈਨ ਮਾਰਕਿਟ ਕਮੇਟੀ ਸੁਖਵਿੰਦਰ ਸਿੰਘ ਅਟਾਰੀ, ਚੇਅਰਮੈਨ ਬਲਾਕ ਸੰਮਤੀ ਬਲਵੀਰ ਬਾਠ, ਐੱਮ.ਸੀ. ਪਰਮਿੰਦਰ ਹਾਂਡਾ, ਐੱਮ.ਸੀ. ਬੋਹੜ ਸਿੰਘ, ਸਰਪੰਚ ਬਲਕਾਰ ਸਿੰਘ, ਗੋਰਾ, ਕੁਲਬੀਰ ਸਿੰਘ, ਗੁਰਚਰਨ ਸਿੰਘ, ਗੁਰਨਾਮ ਸਿੰਘ, ਰਣਜੀਤ ਸੇਰਖਾਂ, ਗੁਰਦੇਵ ਸਿੰਘ, ਗੁਰਦੀਪ ਭਗਤ, ਭਗਵਾਨ ਸਿੰਘ ਅਤੇ ਸੁਖਚੈਨ ਸਿੰਘ ਲਾਇਲਪੁਰੀ ਆਦਿ ਹਾਜ਼ਰ ਸਨ।

Spread the love