ਫਿਰੋਜ਼ਪੁਰ,14 ਅਗਸਤ 2021 ਵਿਧਾਇਕ ਫਿਰੋਜ਼ਪੁਰ ਸਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ 75 ਵੇਂ ਸੁਤੰਤਰਤਾ ਦਿਵਸ ਦੇ ਮੌਕੇ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼ਹੀਦਾਂ ਦੀ ਇਤਿਹਾਸਕ ਧਰਤੀ ਫਿਰੋਜ਼ਪੁਰ ਨੂੰ ਸਮਾਰਟ ਸਿਟੀ ਵਿੱਚ ਲਿਆ ਜਾਵੇ ਅਤੇ 15 ਅਗਸਤ ਨੂੰ ਇਸ ਸ਼ਹਿਰ ਨੂੰ ਸਮਾਰਟ ਸਿਟੀ ਘੋਸ਼ਤਿ ਕਰਦੇ ਹੋਏ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਸਿੰਘ, ਬੀ ਕੇ ਦੱਤ ਅਤੇ ਪੰਜਾਬ ਮਾਤਾ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਭਾਰਤ ਪਾਕਿਸਤਾਨ ਸਰਹੱਦ ‘ਤੇ ਸਥਿਤ ਸਰਹੱਦੀ ਸ਼ਹਿਰ ਹੈ ਅਤੇ ਹਰ ਸਮੇਂ ਇੱਥੇ ਰਹਿਣ ਵਾਲੇ ਲੋਕ ਭਾਰਤੀ ਫੌਜ ਦੇ ਨਾਲ ਇੱਕ ਸਿਪਾਹੀ ਦੇ ਰੂਪ ਵਿੱਚ ਸਰਹੱਦ ਤੇ ਖੜ੍ਹੇ ਹਨ। ਹਰ ਸਾਲ ਸਤਲੁਜ ਦਰਿਆ ਦੀ ਨੇੜਤਾ ਦੇ ਕਾਰਨ ਇੱਥੇ ਰਹਿਣ ਵਾਲੇ ਲੋਕ ਹੜ੍ਹ ਆਉਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਜੇ ਪ੍ਰਧਾਨ ਮੰਤਰੀ 15 ਅਗਸਤ ਨੂੰ ਫਿਰੋਜ਼ਪੁਰ ਸ਼ਹਿਰ ਨੂੰ ਸਮਾਰਟ ਸਿਟੀ ਦਾ ਦਰਜਾ ਦਿੰਦੇ ਹਨ ਤਾਂ ਇਹ ਉਨ੍ਹਾਂ ਵੱਲੋਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਵਿਧਾਇਕ ਪਿੰਕੀ ਨੇ ਮੰਗ ਕੀਤੀ ਕਿ ਫਿਰੋਜ਼ਪੁਰ ਇੱਕ ਫ਼ੌਜੀ ਛਾਉਣੀ ਖੇਤਰ ਹੈ ਅਤੇ ਇੱਥੇ ਰਹਿਣ ਵਾਲੇ ਬੱਚਿਆਂ ਲਈ ਇੱਕ ਸੈਨਿਕ ਸਕੂਲ ਦੀ ਬਹੁਤ ਲੋੜ ਹੈ, ਜਿੱਥੇ ਬੱਚਿਆਂ ਨੂੰ ਇੱਕ ਸਿਪਾਹੀ ਬਣਨ ਅਤੇ ਦੇਸ਼ ਦੀ ਰੱਖਿਆ ਕਰਨ ਦੇ ਨਾਲ -ਨਾਲ ਦੇਸ਼ ਭਗਤੀ ਦੀ ਭਾਵਨਾ ਵੀ ਪੈਦਾ ਹੋਵੇਗੀ ਅਤੇ ਸੈਨਿਕ ਸਕੂਲ ਸਥਾਪਤ ਕਰਦੇ ਸਮੇਂ ਫਿਰੋਜ਼ਪੁਰ ਦੇ ਬੱਚਿਆਂ ਨੂੰ ਇਸ ਵਿੱਚ ਦਾਖਲੇ ਲਈ 5% ਦਾ ਵਿਸ਼ੇਸ਼ ਰਾਖਵਾਂਕਰਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਫਿਰੋਜ਼ਪੁਰ ਸਹਿਰ ਵਿੱਚ ਜਿੱਥੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਅਤੇ ਉਸਦੇ ਹੋਰ ਕ੍ਰਾਂਤੀਕਾਰੀ ਸਾਥੀ ਰਹਿੰਦੇ ਸਨ ਉਨ੍ਹਾਂ ਥਾਵਾਂ ਨੂੰ ਅਤੇ ਹੁਸੈਨੀਵਾਲਾ ਸ਼ਹੀਦਾਂ ਦੀਆਂ ਯਾਦਗਾਰਾਂ ਆਦਿ ਨੂੰ ਨੈਸ਼ਨਲ ਸਮਾਰਕ ਘੋਸ਼ਤਿ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਹੁਸੈਨੀਵਾਲਾ ਭਾਰਤ-ਪਾਕਿ ਸਰਹੱਦ ਨੂੰ ਵੀ ਵਪਾਰ ਲਈ ਖੋਲ੍ਹਿਆ ਜਾਵੇ।