ਹਲਕਾ ਕਾਦੀਆਂ ਵਿੱਚ ਸਤਿਬਚਨ ਫਾਊਂਡੇਸ਼ਨ ਵੱਲੋਂ ਮੁਫ਼ਤ ਐਮਰਜੈਂਸੀ ਮੈਡੀਕਲ ਸੇਵਾਵਾਂ ਸ਼ੁਰੂ
ਪੰਜਾਬ ਸਰਕਾਰ ਦੀ ਫ਼ਤਹਿ ਕਿੱਟ ਵਾਂਗ ਸਤਿਬਚਨ ਕਿੱਟ ਵੀ ਕੋਰੋਨਾ ਮਰੀਜ਼ਾਂ ਲਈ ਜੀਵਨ ਦਾਇਕ ਬਣੀ
ਬਟਾਲਾ, 31 ਮਈ 2021 ਕੋਰੋਨਾ ਪੀੜ੍ਹਤਾਂ ਦੀ ਮਦਦ ਲਈ ਪੰਜਾਬ ਸਰਕਾਰ ਦੇ ਨਾਲ ਕਾਦੀਆਂ ਵਿਧਾਨ ਸਭਾ ਹਲਕੇ ਦੇ ਵਿਧਾਇਕ ਸ. ਫ਼ਤਹਿਜੰਗ ਸਿੰਘ ਬਾਜਵਾ ਵੀ ਅੱਗੇ ਆਏ ਹਨ। ਵਿਧਾਇਕ ਸ. ਫ਼ਤਹਿ ਬਾਜਵਾ ਦੀ ਅਗਵਾਈ ਹੇਠ ਚੱਲ ਰਹੀ ਸਤਿਬਚਨ ਫਾਊਂਡੇਸ਼ਨ ਵੱਲੋਂ ਕੋਰੋਨਾ ਪੀੜ੍ਹਤ ਮਰੀਜ਼ਾਂ ਨੂੰ ਤੁਰੰਤ ਮੈਡੀਕਲ ਸਹਾਇਤ ਦੇਣ ਦਾ ਨਿਵੇਕਲਾ ਤੇ ਨੇਕ ਉਪਰਾਲਾ ਕੀਤਾ ਗਿਆ ਹੈ। ਕੋਰੋਨਾ ਪੀੜ੍ਹਤਾਂ ਨੂੰ ਸਿਹਤ ਵਿਭਾਗ ਵੱਲੋਂ ਦਿੱਤੀ ਜਾ ਰਹੀ ਫ਼ਤਹਿ ਕਿੱਟ ਵਾਂਗ ਸਤਿਬਚਨ ਫਾਊਂਡੇਸ਼ਨ ਵੱਲੋਂ ਵੀ ‘ਸਤਿਬਚਨ’ ਮੈਡੀਕਲ ਕਿੱਟ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ। ਇਸ ਕਿੱਟ ਵਿੱਚ ਸਿਹਤ ਵਿਭਾਗ ਵੱਲੋਂ ਰਿਕਮੈਂਡਡ ਦਵਾਈਆਂ, ਆਕਸੀਮੀਟਰ, ਥਰਮਾਮੀਟਰ, ਸੈਨੀਟਾਈਜ਼ਰ, ਸਟੀਮਰ ਅਤੇ ਮਾਸਕ ਹਨ।
ਅੱਜ ਕਾਦੀਆਂ ਵਿਖੇ ਆਪਣੇ ਨਿਵਾਸ ਸਥਾਨ ’ਤੇ ਇਸ ਮੈਡੀਕਲ ਸੇਵਾ ਨੂੰ ਹਲਕਾ ਵਾਸੀਆਂ ਨੂੰ ਸਮਰਪਿਤ ਕਰਦਿਆਂ ਵਿਧਾਇਕ ਸ. ਫ਼ਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਕਾਦੀਆਂ ਹਲਕਾ ਉਨ੍ਹਾਂ ਦਾ ਆਪਣਾ ਪਰਿਵਾਰ ਹੈ ਅਤੇ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਉਨ੍ਹਾਂ ਨੇ ਆਪਣਾ ਫ਼ਰਜ ਸਮਝਦਿਆਂ ਹਲਕਾ ਵਾਸੀਆਂ ਦੀ ਸੇਵਾ ਲਈ ਇਹ ਮੁਫ਼ਤ ਮੈਡੀਕਲ ਸੇਵਾ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਤਿਬਚਨ ਫਾਊਂਡੇਸ਼ਨ ਵੱਲੋਂ ਹਲਕੇ ਦੇ ਹਰੇਕ ਪਿੰਡ ਵਿੱਚ 5-5 ਵਲੰਟੀਅਰ ਬਣਾਏ ਗਏ ਹਨ, ਜੋ ਲੋੜ ਪੈਣ ’ਤੇ ਤੁਰੰਤ ਲੋੜਵੰਦ ਵਿਅਕਤੀ ਨੂੰ ਫਾਊਂਡੇਸ਼ਨ ਵੱਲੋਂ ਮੈਡੀਕਲ ਸਹਾਇਤਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਤਿਬਚਨ ਫਾਊਂਡੇਸ਼ਨ ਵੱਲੋਂ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ ਅਤੇ ਇਸਦੇ ਨਾਲ ਹੀ ਸਿਹਤ ਵਿਭਾਗ ਨਾਲ ਵੀ ਰਾਬਤਾ ਰੱਖਿਆ ਜਾ ਰਿਹਾ ਹੈ।
ਵਿਧਾਇਕ ਸ. ਫ਼ਤਹਿ ਬਾਜਵਾ ਨੇ ਕਿਹਾ ਕਿ ਸਤਿਬਚਨ ਫਾਊਂਡੇਸ਼ਨ ਵੱਲੋਂ ਹਲਕੇ ਦੇ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਉਣ ਲਈ 5 ਐਂਬੂਲੈਂਸਾਂ ਵੀ ਤਿਆਰ ਕੀਤੀਆਂ ਗਈਆਂ ਹਨ ਅਤੇ ਨਾਲ ਹੀ ਦੋ ਹੈਲਪ ਲਾਈਨ ਨੰਬਰ 98783-94235 ਅਤੇ 90410-35757 ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਐਂਬੂਲੈਂਸਾਂ ਆਕਸੀਜਨ ਅਤੇ ਹੋਰ ਜੀਵਨ ਰੱਖਿਅਕ ਸਾਜ਼ੋ-ਸਮਾਨ ਨਾਲ ਲੈਸ ਹਨ ਅਤੇ ਲੋੜ ਪੈਣ ’ਤੇ ਤੁਰੰਤ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਕਰ ਰਹੀਆਂ ਹਨ। ਸ. ਬਾਜਵਾ ਨੇ ਕਿਹਾ ਕਿ ਭਾਂਵੇ ਇਹ ਮੁਫ਼ਤ ਮੈਡੀਕਲ ਸੇਵਾ ਉਨ੍ਹਾਂ ਨੇ ਹਲਕਾ ਕਾਦੀਆਂ ਵਿੱਚ ਸ਼ੁਰੂ ਕੀਤੀ ਹੈ ਪਰ ਲੋੜ ਪੈਣ ’ਤੇ ਨਾਲ ਲੱਗਦੇ ਹਲਕਿਆਂ ਦੇ ਵਸਨੀਕ ਵੀ ਸਹਾਇਤਾ ਲਈ ਸੰਪਰਕ ਕਰ ਸਕਦੇ ਹਨ। ਸ. ਬਾਜਵਾ ਨੇ ਦੱਸਿਆ ਕਿ ਕੋਵਿਡ-19 ਮਰੀਜਾਂ ਨੂੰ ਮੈਡੀਕਲ ਸਹਾਇਤਾ ਦੇਣ ਦੇ ਨਾਲ ਸਤਿਬਚਨ ਫਾਊਂਡੇਸ਼ਨ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਬਾਜਵਾ ਪਰਿਵਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਮੈਡੀਕਲ ਸੇਵਾ ਹਲਕਾ ਕਾਦੀਆਂ ਦੇ ਲੋਕਾਂ ਲਈ ਜੀਵਨਦਾਇਕ ਸਾਬਤ ਹੋ ਰਹੀ ਹੈ ਅਤੇ ਹਲਕੇ ਭਰ ਵਿੱਚ ਸਤਿਬਚਨ ਫਾਉਂਡੇਸ਼ਨ ਦੀ ਇਸ ਪਹਿਲ ਦੀ ਸਰਾਹਨਾ ਕੀਤੀ ਜਾ ਰਹੀ ਹੈ।
ਇਸ ਮੌਕੇ ਸ. ਭੁਪਿੰਦਰਪਾਲ ਸਿੰਘ ਭਗਤੂਪੁਰ ਮੈਂਬਰ ਐੱਸ.ਐੱਸ.ਐੱਸ. ਬੋਰਡ, ਡਾ. ਰੋਮੀ ਡੀ.ਐੱਮ.ਓ, ਡਾ. ਨਿਰੰਕਾਰ ਸਿੰਘ ਐੱਸ.ਐੱਮ.ਓ. ਕਾਦੀਆਂ, ਡਾ. ਜਗਜੀਤ ਸਿੰਘ ਐੱਸ.ਐੱਮ.ਓ. ਕਾਹਨੂੰਵਾਨ, ਡਾ. ਸੰਜੀਵ ਸੇਠੀ ਐੱਸ.ਐੱਮ.ਓ. ਕੋਟ ਸੰਤੋਖ ਰਾਏ, ਡਾ. ਪਰਵਿੰਦਰ ਸਿੰਘ ਐੱਸ.ਐੱਮ.ਓ. ਭਾਮ, ਡਾ. ਅਮਰਿੰਦਰ ਸਿੰਘ ਐੱਸ.ਐੱਮ.ਓ ਭੈਣੀ ਮੀਆਂ ਖਾਨ, ਡਾ. ਭੁਪਿੰਦਰ ਕੌਰ ਛੀਨਾ ਐੱਸ.ਐੱਮ.ਓ ਨੌਸ਼ਿਹਰਾ ਮੱਝਾ ਸਿੰਘ, ਕੁਲਦੀਪ ਸਿੰਘ ਪਸਵਾਲ ਚੇਅਰਮੈਨ, ਕੁਲਵੰਤ ਸਿੰਘ ਚੇਅਰਮੈਨ, ਜੋਗਿੰਦਰ ਨੰਦੂ ਪ੍ਰਧਾਨ, ਅਸ਼ਵਨੀ ਦੁੱਗਲ ਪ੍ਰਧਾਨ ਨਗਰ ਕੌਂਸਲ ਧਾਰੀਵਾਲ, ਰਾਜੂ ਮਾਲੀਆ ਚੇਅਰਮੈਨ, ਮਨੀ ਗਿੱਲ, ਡਾ. ਬਲਵਿੰਦਰ ਸਿੰਘ ਹੈਪੀ, ਅੰਗਰੇਜ਼ ਸਿੰਘ ਵਿੱਠਵਾਂ, ਡਾ. ਸੁੱਖ ਐੱਮ.ਸੀ, ਅਮਰਬੀਰ ਸਿੰਘ ਰਾਜੂ, ਰਣਜੀਤ ਸਿੰਘ ਰਾਏ, ਬਲਵਿੰਦਰ ਸਿੰਘ ਮਿੰਟੂ ਬਾਜਵਾ, ਪੀ.ਏ. ਰਾਜਬੀਰ ਸਿੰਘ ਕਾਹਲੋਂ, ਦਲਜੀਤ ਸਿੰਘ ਬਮਰਾਹ ਪੀ.ਏ, ਦਵਿੰਦਰ ਸਿੰਘ ਸੋਨੂੰ ਆਦਿ ਹਾਜ਼ਰ ਸਨ।