ਵਿਧਾਨ ਸਭਾ ਚੋਣਾਂ ਵਿਚ ਨੌਜਵਾਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ-ਡਾ. ਸ਼ੇਨਾ ਅਗਰਵਾਲ

ਜ਼ਿਲੇ ਵਿਚ 100 ਫੀਸਦੀ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰਡ ਕਰਨ ਸਬੰਧੀ ਹਦਾਇਤਾਂ ਕੀਤੀਆਂ ਜਾਰੀ
ਨਵਾਂਸ਼ਹਿਰ, 8 ਜੂਨ 2021
ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ ਨੇ ਕਿਹਾ ਹੈ ਕਿ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਗਾਮੀ ਵਿਧਾਨ ਸਭਾ ਚੋਣਾਂ 2022 ਵਿਚ ਨੌਜਵਾਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਸਵੀਪ ਮੁਹਿੰਮ ਤਹਿਤ ਉਨਾਂ ਨੂੰ 100 ਫੀਸਦੀ ਬਤੌਰ ਵੋਟਰ ਰਜਿਸਟਰਡ ਕਰਨ ਦੇ ਟੀਚੇ ਨੂੰ ਪੂਰਾ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨਾਂ ਕਿਹਾ ਕਿ ਇਸ ਮਕਸਦ ਲਈ ਭਾਰਤ ਚੋਣ ਕਮਿਸ਼ਨ ਨੇ ਸਲੋਗਨ ‘ਨੋ ਵੱਨ ਵੋਟਰ ਟੂ ਬੀ ਲੈਫਟ ਬਿਹਾਂਈਡ’ ਜਾਰੀ ਕੀਤਾ ਹੈ। ਉਨਾਂ ਇਸ ਸਬੰਧੀ ਜ਼ਿਲੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਹਲਕਾ ਪੱਧਰ ’ਤੇ ਕਾਲਜਾਂ ਦੇ ਨੋਡਲ ਅਫ਼ਸਰਾਂ, ਐਨ. ਜੀ. ਓ ਸਵੀਪ ਪਾਰਟਨਰ ਏਜੰਸੀਆਂ, ਕੈਂਪਸ ਅੰਬੈਸਡਰ, ਬੀ. ਐਲ. ਓਜ਼, ਸੁਪਰਵਾਈਜ਼ਰਜਾਂ ਨਾਲ ਸਵੀਪ ਗਤੀਵਿਧੀਆਂ ਸਬੰਧੀ ਵੈਬੀਨਾਰ ਕੀਤੇ ਜਾਣ। ਇਸ ਤੋਂ ਇਲਾਵਾ ਉਨਾਂ ਪੋਲਿੰਗ ਸਟੇਸ਼ਨ ਪੱਧਰ, ਕਾਲਜ ਪੱਧਰ ’ਤੇ ਈ. ਐਲ. ਸੀ ਨੂੰ ਸਰਗਰਮ ਕਰਨ ਅਤੇ ਇਨਾਂ ਰਾਹੀਂ ਸਵੀਪ ਗਤੀਵਿਧੀਆਂ ਦਾ ਵੱਧ ਤੋਂ ਵੱਧ ਆਨਲਾਈਨ ਪ੍ਰਚਾਰ ਕਰਨ ਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸੇ ਤਰਾਂ ਹਰੇਕ ਪੋਲਿੰਗ ਸਟੇਸ਼ਨ ’ਤੇ ਲਾਜ਼ਮੀ ਤੌਰ ’ਤੇ 10 ਨੌਜਵਾਨਾਂ ਨੂੰ ਬਤੌਰ ਵੋਟਰ ਰਜਿਸਟਰਡ ਕਰਨ ਅਤੇ ਜ਼ਿਲਾ ਪੱਧਰੀ ਸਵੀਪ ਟੀਮ ਨੂੰ ਸਵੀਪ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪਲਾਨ ਤਿਆਰ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨਾਂ ਕਿਹਾ ਕਿ ਜ਼ਿਲੇ ਦੇ ਸਮੂਹ ਸੀਨੀਅਰ ਸੈਕੰਡਰੀ ਸਕੂਲਾਂ ਦੇ 18 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਨੂੰ ਵੋਟਰ ਸੂਚੀ ਵਿਚ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਲਈ ਭਾਰਤ ਚੋਣ ਕਮਿਸ਼ਨ ਦੇ ਪੋਰਟਲ ‘ਐਨ. ਐਸ. ਵੀ. ਪੀ’ ਉੱਤੇ ਫਾਰਮ ਭਰਨ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਸਕੂਲ ਪੱਧਰ ’ਤੇ ਈ. ਐਲ. ਸੀ ਨੂੰ ਐਕਟੀਵੇਟ ਕੀਤਾ ਜਾਵੇ ਅਤੇ ਇਨਾਂ ਰਾਹੀਂ ਸਵੀਪ ਗਤੀਵਿਧੀਆਂ ਦਾ ਆਨਲਾਈਨ ਪ੍ਰਚਾਰ ਕਰਵਾਇਆ ਜਾਵੇ। ਉਨਾਂ ਸਮੂਹ ਕਾਲਜਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਨੌਜਵਾਨ ਵੋਟਰਾਂ ਦੀ ਭਾਗੀਦਾਰੀ ਵਧਾਉਣ ਅਤੇ ਵੋਟਰ ਰਜਿਸਟ੍ਰੇਸ਼ਨ ਸਬੰਧੀ ਜਾਗਰੂਕਤਾ ਲਿਆਉਣ ਲਈ ਕਾਲਜਾਂ ਵਿਚ ਆਨਲਾਈਨ ਮੁਕਾਬਲੇ ਕਰਵਾਏ ਜਾਣ। ਉਨਾਂ ਕਿਹਾ ਕਿ ਸੋਸ਼ਲ ਮੀਡੀਆ ਜਿਵੇਂ ਵਟਸਐਪ, ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਆਦਿ ਦੀ ਵਰਤੋਂ ਕੀਤੀ ਜਾਵੇ ਅਤੇ ਜ਼ਿਲਾ ਚੋਣ ਅਫ਼ਸਰ ਦੇ ਫੇਸਬੁੱਕ ਪੇਜ ’ਤੇ ਸਵੀਪ ਗਤੀਵਿਧੀਆਂ ਨੂੰ ਵੱਧ ਤੋਂ ਵੱਧ ਸਮਰਥਨ ਦਿੱਤਾ ਜਾਵੇ। ਉਨਾਂ ਜ਼ਿਲਾ ਰੋਜ਼ਗਾਰ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਨੂੰ ਹਦਾਇਤ ਕੀਤੀ ਕਿ ਜ਼ਿਲੇ ਵਿਚ ਰਜਿਸਟਰਡ ਨੌਜਵਾਨ, ਜੋ ਕਿ ਵੋਟਰ ਬਣਾਏ ਗਏ ਹਨ, ਨੂੰ ਭਾਰਤ ਚੋਣ ਕਮਿਸ਼ਨ ਦੇ ਪੋਰਟਲ ’ਤੇ ਫਾਰਮ ਭਰਨ ਲਈ ਪ੍ਰੇਰਿਤ ਕੀਤਾ ਜਾਵੇ। ਉਨਾਂ ਜ਼ਿਲਾ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਵਲੰਟੀਅਰਾਂ, ਭੰਗੜਾ ਟੀਮਾਂ ਅਤੇ ਢੋਲੀ ਆਦਿ ਰਾਹੀਂ ਪਿੰਡਾਂ ਤੇ ਸ਼ਹਿਰਾਂ ਅੰਦਰ ਨੌਜਵਾਨਾਂ ਨੂੰ ਵੋਟ ਬਣਾਉਣ ਅਤੇ ਵੋਟ ਪਾਉਣ ਲਈ ਜਾਗਰੂਕ ਕਰਨ। ਉਨਾਂ ਕਿਹਾ ਕਿ ਕੋਵਿਡ-19 ਸਬੰਧੀ ਨਿਯਮਾਂ ਅਤੇ ਸਾਵਧਾਨੀਆਂ ਨੂੰ ਧਿਆਨ ਵਿਚ ਰੱਖਦਿਆਂ ਉਪਰੋਕਤ ਗਤੀਵਿਧੀਆਂ ਕਰਨੀਆਂ ਯਕੀਨੀ ਬਣਾਈਆਂ ਜਾਣ।
ਫੋਟੋ :ਡਾ. ਸ਼ੇਨਾ ਅਗਰਵਾਲ, ਜ਼ਿਲਾ ਚੋਣ ਅਫ਼ਸਰ

Spread the love