ਅਬੋਹਰ (ਫਾਜ਼ਿਲਕਾ), 5 ਜੂਨ 2021
ਸਿਵਲ ਸਰਜਨ ਫਾਜ਼ਿਲਕਾ ਡਾ.ਪਰਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਐਮ.ਓ ਰਵੀ ਬਾਂਸਲ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਣ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ। ਇਸ ਸਾਲ ਦਾ ਵਿਸ਼ਾ ਹੈ “ਵਾਤਾਵਰਣ ਪ੍ਰਣਾਲੀ ਬਹਾਲੀ”।
ਐਸ.ਐਮ.ਓ ਰਵੀ ਬਾਂਸਲ ਨੇ ਦੱਸਿਆ ਕਿ ਸਾਡੇ ਆਲੇ ਦੁਆਲੇ ਦੀ ਹਰ ਚੀਜ਼ ਵਾਤਾਵਰਣ ਨੂੰ ਬਣਾਉਂਦੀ ਹੈ। ਇਸ ਵਿਚ ਪੌਦੇ, ਜਾਨਵਰ, ਰੋਗਾਣੂ, ਹਵਾ, ਮਿੱਟੀ, ਪਾਣੀ ਸ਼ਾਮਲ ਹਨ। ਇਨ੍ਹਾਂ ਸਭ ਦੇ ਬਗੈਰ ਧਰਤੀ `ਤੇ ਜੀਉਣਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਪੌਦੇ ਸਾਡੇ ਆਲੇ ਦੁਆਲੇ ਦੀ ਹਵਾ ਨੂੰ ਸ਼ੁੱਧ ਕਰਦੇ ਹਨ ਅਤੇ ਸਾਨੂੰ ਆਕਸੀਜਨ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਇਸ ਦਿਨ ਨੂੰ ਮਨਾਉਣ ਦਾ ਸਾਡਾ ਮੁੱਖ ਉਦੇਸ਼ ਲੋਕਾਂ ਵਿਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣਾ ਹੈ।ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਕਰਨਾ ਸਾਡੀ ਜਿੰਮੇਵਾਰੀ ਬਣਦੀ ਹੈ।ਉਨ੍ਹਾਂ ਕਿਹਾ ਕਿ ਵਿਕਾਸ ਅਤੇ ਤਕਨੀਕੀ ਤਰੱਕੀ ਦੀ ਅੰਨ੍ਹੀ ਦੌੜ ਵਿਚ ਕਈ ਵਾਰ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚਾ ਦੇਣੇ ਹਾਂ ਜਿਸ ਦੇ ਨਤੀਜੇ ਵਜੋਂ ਜ਼ੋ ਜੀਵ ਧਰਤੀ ਉੱਤੇ ਵੇਖੇ ਜਾਂਦੇ ਸਨ ਉਨ੍ਹਾਂ ਦੀ ਗਿਣਤੀ ਦਿਨੋ ਦਿਨ ਘੱਟ ਰਹੀ ਹੈ, ਪੰਛੀਆਂ ਅਤੇ ਜਾਨਵਰਾਂ ਦੀਆਂ ਕੁਝ ਕਿਸਮਾਂ ਅਲੋਪ ਹੋ ਗਈਆਂ ਹਨ।
ਇਸ ਮੌਕੇ ਬੀ.ਈ.ਈ ਸੁਨੀਲ ਟੰਡਨ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਪਿਛਲੇ ਡੇਢ ਸਾਲ ਵਿੱਚ ਦੁਨੀਆ ਪੂਰੀ ਤਰ੍ਹਾਂ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੁਚਜੀ ਸੰਭਾਲ ਬਾਰੇ ਸੋਚਣ ਲਈ ਮਨੁੱਖ ਨੂੰ ਵੱਖੋ ਵੱਖਰੇ ਤਰੀਕਿਆਂ ਨਾਲ ਉਪਾਅ ਕਰਨੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਅਸੀਂ ਵਾਤਾਵਰਣ ਦੀ ਸੰਭਾਲ ਕਰਾਂਗੇ ਤਾਂ ਸਾਨੂੰ ਸਾਫ ਹਵਾ ਅਤੇ ਸ਼ੁੱਧ ਪਾਣੀ ਪ੍ਰਾਪਤ ਹੋਵੇਗਾ।ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਪੌਦੇ ਲਗਾਉਣ ਨਾਲ ਵਾਤਾਵਰਣ ਵੀ ਹਰਿਆ ਭਰਿਆ ਰਹੇਗਾ ਅਤੇ ਆਕਸੀਜ਼ਨ ਦੀ ਕਮੀ ਨਹੀਂ ਹੋਵੇਗੀ।
ਇਸ ਮੌਕੇ ਸਮੂਹ ਸਟਾਫ ਨੇ ਪ੍ਰਣ ਲਿਆ ਕਿ ਉਹ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਪੌਦੇ ਲਗਾਉਣਗੇ ਅਤੇ ਪੌਦਿਆਂ ਦੀ ਸੰਭਾਲ ਕਰਨਗੇ।ਉਨ੍ਹਾਂ ਹਰੇਕ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰਤੀ ਜਾਗਰੁਕ ਰਹਿਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਾਫ ਵਾਤਾਵਰਣ ਬਣਾਈ ਰੱਖਣ।