ਐਸ.ਏ.ਐਸ. ਨਗਰ, 3 ਅਗਸਤ 2021
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰੀ ਬਿਉਰੋ ਦੀ ਅਗਵਾਈ ਹੇਠ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਵਿਸ਼ਵ ਹੁਨਰ ਮੁਕਾਬਲਿਆਂ ਦੇ ਦੂਜੇ ਪੜਾਅ ਵਿੱਚ ਰਾਜ ਪੱਧਰੀ ਮੁਕਾਬਲੇ 4 ਤੋਂ 6 ਅਗਸਤ ਤੱਕ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ, ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਝੰਜੇੜੀ, ਐਨ.ਐਫ.ਸੀ.ਆਈ. ਹੋਟਲ ਮੈਨੇਜਮੈਂਟ ਇੰਸਟੀਚਿਊਟ ਮੋਹਾਲੀ ਅਤੇ ਨਾਰਥਨ ਇੰਸਟੀਚਿਊਟ ਆਫ ਫ਼ੈਸ਼ਨ ਟੈਕਨਾਲੋਜੀ, ਮੋਹਾਲੀ ਵਿਖੇ ਕਰਵਾਏ ਜਾ ਰਹੇ ਹਨ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਿਮਾਂਸ਼ੂ ਅਗਰਵਾਲ ਨੇ ਇਨ੍ਹਾਂ ਮੁਕਾਬਲਿਆਂ ਬਾਰੇ ਦੱਸਦਿਆਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਜੋ ਉਮੀਦਵਾਰ ਇਸ ਦੂਜੇ ਪੜਾਅ ਵਿੱਚ ਜੇਤੂ ਹੋਣਗੇ, ਉਹ ਬਾਅਦ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈ ਸਕਣਗੇ। ਬਲਾਕ ਮਿਸ਼ਨ ਮੈਨੇਜਰ, ਪੰਜਾਬ ਹੁਨਰ ਵਿਕਾਸ ਮਿਸ਼ਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਮੁਕਾਬਲੇ ਕੁੱਲ 11 ਟਰੇਡਜ਼ ਵਿੱਚ ਹੋਣਗੇ ਅਤੇ ਜੋ ਉਮੀਦਵਾਰ ਇਨ੍ਹਾਂ ਮੁਕਾਬਲਿਆਂ ਵਿੱਚ ਸ਼ਾਮਲ ਹੋਵੇਗਾ, ਉਸ ਨੂੰ ਆਉਣ-ਜਾਣ ਦਾ ਕਿਰਾਇਆ ਦਿੱਤਾ ਜਾਵੇਗਾ।