ਵਿਸ਼ਵ ਖ਼ੂਨਦਾਨ ਦਿਵਸ ਦੇ ਸਬੰਧ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਖੂਨਦਾਨ ਕਰਨ ਸਬੰਧੀ ਪ੍ਰੇਰਿਤ ਕਰਨ ਲਈ ਜ਼ਿਲ੍ਹੇ ਵਿੱਚ 14 ਜੁਲਾਈ ਤੱਕ ਚੱਲੇਗੀ ਵਿਸ਼ੇਸ ਮੁਹਿੰਮ

 ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਅਤੇ ਐੱਸ. ਐੱਸ. ਪੀ. ਸ਼੍ਰੀ ਧਰੁਮਨ ਐੱਚ. ਨਿੰਬਾਲੇ ਵੱਲੋਂ ਆਪ ਖ਼ੂਨਦਾਨ ਕਰਕੇ ਕੀਤੀ ਗਈ ਕੈਂਪ ਦੀ ਸ਼ੁਰੂਆਤ
ਤਰਨ ਤਾਰਨ, 16 ਜੂਨ 2021
ਵਿਸ਼ਵ ਖ਼ੂਨਦਾਨ ਦਿਵਸ ਦੇ ਸਬੰਧ ਵਿੱਚ ਖੂਨਦਾਨ ਕੈਂਪ ਲਗਾਉਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਖੂਨਦਾਨ ਕਰਨ ਸਬੰਧੀ ਪ੍ਰੇਰਿਤ ਕਰਨ ਲਈ ਜ਼ਿਲ੍ਹੇ ਵਿੱਚ 14 ਜੁਲਾਈ ਤੱਕ ਚੱਲਣ ਵਾਲੀ ਮਹੀਨਾਵਾਰ ਮੁਹਿੰਮ ਤਹਿਤ ਅੱਜ ਸਿਵਲ ਹਸਪਤਾਲ ਤਰਨ ਤਾਰਨ ਦੇ ਅਨੈਕਸੀ ਹਾਲ ਵਿਖੇ ਵਿਸ਼ੇਸ ਸਮਾਗਮ ਕਰਵਾਇਆ ਗਿਆ ।
ਇਸ ਮੌਕੇ ‘ਤੇ ਲਗਾਏ ਗਏ ਖੂਨਦਾਨ ਕੈਂਪ ਦੌਰਾਨ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਅਤੇ ਐੱਸ. ਐੱਸ. ਪੀ. ਤਰਨ ਤਾਰਨ ਸ਼੍ਰੀ ਧਰੁਮਨ ਐੱਚ. ਨਿੰਬਾਲੇ ਵੱਲੋਂ ਆਪ ਖ਼ੂਨਦਾਨ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਸਰਕਾਰੀ ਅਧਿਕਾਰੀਆਂ, ਸਮਾਜ-ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਵਲੰਟੀਅਰਾਂ ਵੱਲੋਂ ਖੂਨਦਾਨ ਕੀਤਾ ਗਿਆ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਵੱਲੋਂ 23 ਵਾਰ ਅਤੇ ਐੱਸ. ਐੱਸ. ਪੀ. ਤਰਨ ਤਾਰਨ ਸ਼੍ਰੀ ਧਰੁਮਨ ਐੱਚ. ਨਿੰਬਾਲੇ ਵੱਲੋਂ 24 ਵਾਰ ਖ਼ੂਨਦਾਨ ਕੀਤਾ ਜਾ ਚੁੱਕਾ ਹੈ ।
ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖ਼ੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਕਿਉਂਕਿ ਖ਼ੂਨਦਾਨ ਮਹਾਂਦਾਨ ਹੈ, ਜਿਸ ਨਾਲ ਕਈ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਖ਼ੂਨ ਦੀ ਇੱਕ-ਇੱਕ ਬੂੰਦ ਕੀਮਤੀ ਹੈ, ਜੋ ਕਿਸੇ ਵੀ ਮਰਦੇ ਹੋਏ ਵਿਅਕਤੀ ਨੂੰ ਜੀਵਨਦਾਨ ਦੇ ਸਕਦੀ ਹੈ ।
ਐੱਸ. ਐੱਸ. ਪੀ. ਸ਼੍ਰੀ ਧਰੁਮਨ ਐੱਚ. ਨਿੰਬਾਲੇ ਨੇ ਕਿਹਾ ਕਿ ਖ਼ੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ, ਬਲਕਿ ਮਨ ਨੂੰ ਇੱਕ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਇਹ ਦਾਨ ਕਰਕੇ ਇਕ ਲੋੜਵੰਦ ਵਿਅਕਤੀ ਨੂੰ ਜੀਵਨ ਪ੍ਰਦਾਨ ਕੀਤਾ ਹੈ ।
ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਕਿਹਾ ਕਿ ਬਲੱਡ ਟ੍ਰਾਸਫਿਊਜ਼ਨ ਖ਼ੂਨਦਾਨ ਕਰਨ ਨਾਲ ਸਿਰਫ਼ ਇੱਕ ਹੀ ਮਰੀਜ਼ ਨੂੰ ਨਹੀਂ ਬਲਕਿ ਚਾਰ ਮਰੀਜ਼ਾਂ ਨੂੰ ਫਾਇਦਾ ਮਿਲਦਾ ਹੈ, ਕਿਉਂਕਿ ਖ਼ੂਨ ਦੇ ਚਾਰ ਕੰਪੋਨੈਂਟ ਪਲਾਜ਼ਮਾਂ, ਆਰ. ਬੀ. ਸੀ. ਪਲੇਟਲੈਟ ਦੇ ਤੌਰ ‘ਤੇ ਅਤੇ ਹਿਮੋਫੀਲੀਆ ਦੇ ਮਰੀਜ਼ਾਂ ਵਿੱਚ ਕਲੋਟਿੰਗ ਫੈਕਟਰ ਵਾਸਤੇ ਕੰਮ ਆਉਂਦੇ ਹਨ ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਖੂਨਦਾਨ ਕੈਂਪ ਵਿੱਚ ਸਹਿਯੋਗ ਦੇਣ ਵਾਲੀਆਂ ਵੱਖ-ਵੱਖ ਸੰਸਥਾਵਾਂ, ਭਗਤ ਪੂਰਨ ਸਿੰਘ ਖ਼ੂਨਦਾਨ ਕਮੇਟੀ, ਸਾਥ, ਸੇਵਾ ਭਾਰਤੀ, ਰੈੱਡ ਕਰੋਸ ਸੁਸਾਇਟੀ, ਖ਼ਾਲਸਾ ਬਲੱਡ ਯੂਨਿਟੀ, ਨੋਲਜ਼ ਵੀਲਾ ਸੁਸਾਇਟੀ ਅਤੇ ਗੁਰੂ ਅਰਜਨ ਦੇਵ ਜੀ ਸੁਸਾਇਟੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ‘ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਦੇਸ ਰਾਜ ਮੱਲ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਮਨਦੀਪ, ਸਹਾਇਕ ਸਿਵਲ ਸਰਜਨ ਡਾ. ਕੰਵਲਜੀਤ ਸਿੰਘ, ਸੀਨੀਅਰ ਮੈਂਡੀਕਲ ਅਫ਼ਸਰ ਡਾ. ਸਵਰਨਜੀਤ ਧਵਨ, ਡਿਪਟੀ ਮੈਂਡੀਕਲ ਕਮਿਸ਼ਨਰ ਡਾ. ਭਾਰਤੀ ਧਵਨ, ਡਾ. ਰੇਖਾ ਰਾਣਾ ਬਲੱਡ ਟ੍ਰਾਸਜੇਸ਼ਨ ਅਫ਼ਸਰ, ਨਿਰਵੈਲ ਸਿੰਘ, ਗੁਰਬਚਨ ਸਿੰਘ, ਮਨਜਿੰਦਰ ਸਿੰਘ, ਅੰਗਰੇਜ਼ ਸਿੰਘ, ਗੁਰਸੇਵਕ ਸਿੰਘ ਆਦਿ ਹਾਜ਼ਰ ਸਨ ।

Spread the love