ਲੁਧਿਆਣਾਃ 20 ਫਰਵਰੀ 2024
ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਡਾ. ਦਲਬੀਰ ਸਿੰਘ ਕਥੂਰੀਆ ਬਾਨੀ ਚੇਅਰਮੈਨ, ਵਿਸ਼ਵ ਪੰਜਾਬੀ ਸਭਾ ਟੋਰੰਟੋ, ਬੀਬੀ ਸੁਰਜੀਤ ਕੌਰ ਸੈਕਰਾਮੈਂਟੋ (ਅਮਰੀਕਾ)ਤੇ ਡਾ. ਮਹਿੰਦਰ ਸਿੰਘ ਰਾਏ (ਯੂ ਕੇ )ਨੂੰ ਪੰਜਾਬੀ ਮਾਤ ਭਾਸ਼ਾ ਦੀ ਨਿਰੰਤਰ ਮੁੱਲਵਾਨ ਸੇਵਾ ਲਈ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਸ਼ਾਮਿਲ ਹੋਏ।
ਸਮਾਗਮ ਦੇ ਆਰੰਭ ਵਿੱਚ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਨੇ ਸਭ ਨੂੰ ਰਸਮੀ ਤੌਰ ਤੇ ਜੀ ਆਇਆਂ ਕਿਹਾ ਅਤੇ ਮਾਤ ਭਾਸ਼ਾ ਦਿਵਸ ਦੇ ਇਤਿਹਾਸ ਸੰਬੰਧੀ ਅਤੇ ਵਿਦੇਸ਼ਾਂ ਵਿਚ ਪਰਵਾਸੀ ਪੰਜਾਬੀ ਲੇਖਕਾਂ ਵਲੋਂ ਮਾਤ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਜਾਂਦੇ ਯਤਨਾਂ ਬਾਰੇ ਦੱਸਿਆ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਬੰਗਲਾ ਦੇਸ਼ ਵਿੱਚ ਮਾਂ ਬੋਲੀ ਬੰਗਲਾ ਲਈ ਕੁਰਬਾਨ ਹੋਏ ਸੂਰਮਿਆਂ ਨੂੰ ਅੱਜ ਦੇ ਦਿਨ ਯਾਦ ਕਰਨਾ ਲਾਜ਼ਮੀ ਹੈ ਕਿਉਂਕਿ ਉਨ੍ਹਾਂ ਦੀ ਕੁਰਬਾਨੀ ਕਾਰਨ ਹੀ ਯੁਨੈਸਕੋ ਨੇ ਇੱਕੀ ਫਰਵਰੀ ਨੂੰ ਵਿਸ਼ਵ ਮਾਤ ਦਿਵਸ ਮਨਾਉਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਹਰ ਭਾਸ਼ਾ ਦਾ ਆਪਣਾ ਇਕ ਵੱਖਰਾ ਵਜੂਦ ,ਵੱਖਰੀ ਵਿਸ਼ੇਸ਼ਤਾ ਤੇ ਮਹਾਨਤਾ ਹੁੰਦੀ ਹੈ। ਵੱਧ ਤੋਂ ਵੱਧ ਭਾਸ਼ਾਵਾਂ ਨੂੰ ਸਿੱਖਣਾ ਮਨੁੱਖੀ ਗਿਆਨ ਵਿਚ ਵਾਧਾ ਕਰਦਾ ਹੈ ਪਰੰਤੂ ਆਪਣੀ ਮਾਂ ਬੋਲੀ ਨੂੰ ਨਕਾਰਨਾ ਮਨੁੱਖ ਦੀ ਆਪਣੇ ਆਪ ਨਾਲ ਗੁਸਤਾਖ਼ੀ ਹੈ। ਇਸ ਮੌਕੇ ਬੀਬੀ ਸੁਰਜੀਤ ਸੈਕਰਾਮੈਂਟੋ ਤੇ ਡਾ. ਮੁਹਿੰਦਰ ਸਿੰਘ ਰਾਏ ਨੇ ਪਰਵਾਸੀ ਧਰਤੀ ਤੇ ਪੰਜਾਬੀ ਬੋਲੀ ਦੀ ਸਥਿਤੀ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰਧਾਨਗੀ ਭਾਸ਼ਣ ਦੇਂਦਿਆਂ ਡਾ. ਦਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਸੰਸਥਾ ਨਿਰੰਤਰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਅਤੇ ਪਰਵਾਸੀ ਸਾਹਿਤ ਨੂੰ ਪ੍ਰੋਤਸਾਹਿਤ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਨੇ ਆਪਣੀ ਵਿਸ਼ਵ ਪੰਜਾਬੀ ਸਭਾ ਵਲੋਂ ਪੰਜਾਬੀ ਭਾਸ਼ਾ ਤੇ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਲਈ ਕਰਵਾਏ ਜਾਂਦੇ ਸਾਹਿਤਕ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ। ਪ੍ਰੋਗਰਾਮ ਦੇ ਆਖੀਰ ਵਿਚ ਪੰਜਾਬੀ ਵਿਭਾਗ ਦੇ ਮੁੱਖੀ ਪ੍ਰੋ. ਸ਼ਰਨਜੀਤ ਕੌਰ ਨੇ ਸਭ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ।
ਇਸ ਮੌਕੇ ਪ੍ਰੋ. ਮਨਜੀਤ ਸਿੰਘ ਛਾਬੜਾ ਡਾਇਰੈਕਟਰ ਜੀ. ਜੀ. ਐਨ. ਆਈ. ਐਮ. ਟੀ., ਪੰਜਾਬੀ ਵਿਭਾਗ ਦੇ ਡਾ. ਗੁਰਪ੍ਰੀਤ ਸਿੰਘ, ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਰਜਿੰਦਰ ਕੌਰ ਮਲਹੋਤਰਾ, ਡਾ. ਦਲੀਪ ਸਿੰਘ, ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਸੁਸ਼ਮਿੰਦਰਜੀਤ ਕੌਰ, ਡਾ. ਹਰਗੁਣਜੋਤ ਕੌਰ, ਡਾ. ਭੁਪਿੰਦਰਜੀਤ ਕੌਰ, ਡਾ. ਮਨਦੀਪ ਕੌਰ ਰੰਧਾਵਾ, ਰਾਜਿੰਦਰ ਸਿੰਘ ਸੰਧੂ,ਸ੍ਰੀਮਤੀ ਤੇਜਿੰਦਰ ਕੌਰ ਕਥੂਰੀਆ, ਸ੍ਰੀਮਤੀ ਗੁਰਲੀਨ ਕੌਰ। ਲੱਕੀ,ਕਮਲਜੀਤ ਸਿੰਘ ਲੱਕੀ ਤੇ ਸ. ਕੇਹਰ ਸਿੰਘ ਸੈਕਰਾਮੈਂਟੋ ਵੀ ਹਾਜ਼ਰ ਰਹੇ। ਪ੍ਰੋਗਰਾਮ ਦਾ ਸੰਚਾਲਨ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਕੋਆਰਡੀਨੇਟਰ ਡਾ. ਤੇਜਿੰਦਰ ਕੌਰ ਨੇ ਕੀਤਾ।