ਅਰੋੜਾ ਤੇ ਆਦੀਆ ਵਲੋਂ ਵੁੱਡ ਪਾਰਕ ਨੂੰ ਜਾਂਦੀ Çਲੰਕ ਰੋਡ ਦੇ ਕੰਮ ਦੀ ਸ਼ੁਰੂਆਤ, 2.5 ਕਰੋੜ ਦੀ ਲਾਗਤ ਨਾਲ ਕੁਝ ਮਹੀਨਿਆਂ ’ਚ ਬਣੇਗੀ ਢਾਈ ਕਿਲੋਮੀਟਰ ਲੰਬੀ ਸੜਕ
16 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਹੋਵੇਗਾ ਵੁੱਡ ਪਾਰਕ, ਸਿੱਧੇ ਤੌਰ ’ਤੇ ਰੋਜ਼ਗਾਰ ਦੇ 5 ਹਜ਼ਾਰ ਅਤੇ ਅਸਿੱਧੇ ਤੌਰ ’ਤੇ 10 ਹਜ਼ਾਰ ਤੋਂ ਵੱਧ ਮੌਕੇ ਹੋਣਗੇ ਪੈਦਾ
ਹੁਸ਼ਿਆਰਪੁਰ, 29 ਅਪ੍ਰੈਲ: ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਅੰਦਰ ਬਣਾਏ ਜਾਣ ਵਾਲੇ ਵੁੱਡ ਪਾਰਕ ਦੀ ਸਥਾਪਤੀ ਨਾਲ ਪਲਾਈਵੁੱਡ ਉਦਯੋਗ ਨੂੰ ਵੱਡਾ ਹੁਲਾਰਾ ਮਿਲਣ ਦੇ ਨਾਲ-ਨਾਲ ਇਸ ਉਦਯੋਗ ਨਾਲ ਜੁੜੇ ਕਿਸਾਨਾਂ ਨੂੰ ਜ਼ਿਲ੍ਹੇ ਅੰਦਰ ਹੀ ਸਫੈਦਾ ਅਤੇ ਪੋਪਲਰ ਦਾ ਵਾਜਬ ਮੁੱਲ ਮਿਲ ਜਾਇਆ ਕਰੇਗਾ।
ਹੁਸ਼ਿਆਰਪੁਰ-ਦਸੂਹਾ ਰੋਡ ਤੋਂ ਪਲਾਈਵੁੱਡ ਪਾਰਕ ਨੂੰ ਜਾਂਦੀ Çਲੰਕ ਰੋਡ ਦੇ ਕੰਮ ਦੀ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਸ਼ਾਮਚੁਰਾਸੀ ਤੋਂ ਵਿਧਾਇਕ ਪਵਨ ਕੁਮਾਰ ਆਦੀਆ ਵਲੋਂ ਸਾਂਝੇ ਤੌਰ ’ਤੇ ਸ਼ੁਰੂਆਤ ਕਰਨ ਉਪਰੰਤ ਉਦਯੋਗ ਮੰਤਰੀ ਨੇ ਦੱਸਿਆ ਕਿ ਕਰੀਬ 2.5 ਕਰੋੜ ਰੁਪਏ ਦੀ ਲਾਗਤ ਨਾਲ ਇਹ ਢਾਈ ਕਿਲੋਮੀਟਰ ਲੰਬੀ ਸੜਕ ਦੀ ਉਸਾਰੀ, ਸੜਕ ਨੂੰ ਚੌੜਾ ਅਤੇ ਮਜ਼ਬੂਤ ਕਰਨ ਦਾ ਕੰਮ ਆਉਂਦੇ ਕੁਝ ਮਹੀਨਿਆਂ ਵਿੱਚ ਮੁਕੰਮਲ ਕਰਕੇ ਪਲਾਈਵੁੱਡ ਪਾਰਕ ਦੇ ਬੁਨਿਆਦੀ ਢਾਂਚੇ ਨੂੰ ਨਵੀਂ ਮਜ਼ਬੂਤੀ ਪ੍ਰਦਾਨ ਕੀਤੀ ਜਾਵੇਗੀ। ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਲਦ ਹੀ ਵੁੱਡ ਪਾਰਕ ਦੇ ਕੰਮ ਦੀ ਸ਼ੁਰੂਆਤ ਕਰਨਗੇ ਜਿਹੜੀ ਕਿ ਖੇਤਰ ਵਿੱਚ ਪਲਾਈਵੁੱਡ ਇੰਡਸਟਰੀ ਲਈ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ।
ਵੁੱਡ ਪਾਰਕ ਦੀ ਸਥਾਪਤੀ ਸਬੰਧੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਇਸ ਪਾਰਕ ਵਿੱਚ ਪਲਾਈਵੁੱਡ ਆਧਾਰਤ ਇੰਡਸਟਰੀ ਲੱਗੇਗੀ ਜਿਸ ਨਾਲ ਸਿੱਧੇ ਤੌਰ ’ਤੇ 5 ਹਜ਼ਾਰ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਅਸਿੱਧੇ ਤੌਰ ’ਤੇ ਇਸ ਉਦਯੋਗ ਨਾਲ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਲਾਈਵੁੱਡ ਪਾਰਕ ਦੇ ਬੁਨਿਆਦੀ ਢਾਂਚੇ ਅਤੇ ਵੱਖ-ਵੱਖ ਉਦਯੋਗਾਂ ਦੀ ਲੋੜ ਅਨੁਸਾਰ ਸਾਰੀਆਂ ਸਹੂਲਤਾਂ ਯਕੀਨੀ ਬਣਾਈਆਂ ਜਾਣਗੀਆਂ ਤਾਂ ਜੋ ਇਹ ਉਦਯੋਗ ਬਿਨ੍ਹਾਂ ਕਿਸੇ ਖੜੌਤ ਨਿਰੰਤਰ ਚੱਲ ਸਕਣ।
ਹਲਕਾ ਸ਼ਾਮਚੁਰਾਸੀ ਤੋਂ ਵਿਧਾਇਕ ਪਵਨ ਕੁਮਾਰ ਆਦੀਆ ਨੇ ਇਸ ਮੌਕੇ ਕਿਹਾ ਕਿ ਜਲਦ ਬਣ ਕੇ ਤਿਆਰ ਹੋਣ ਵਾਲਾ ਪਲਾਈਵੁੱਡ ਪਾਰਕ ਖੇਤਰ ਦੀ ਤਰੱਕੀ ਵਿੱਚ ਇਕ ਹੋਰ ਮੀਲਪੱਥਰ ਸਾਬਤ ਹੋਵੇਗਾ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਸ਼ਾਮਚੁਰਾਸੀ ਹਲਕੇ ਵਿੱਚ ਇਹ ਉਦਯੋਗਿਕ ਹੱਬ ਵਿਕਸਤ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਦੀ ਨੁਮਾਇੰਦਗੀ ਮਿਲਣ ਪਿੱਛੋਂ ਉਨ੍ਹਾਂ ਨੇ ਉਦਯੋਗਾਂ ਨਾਲ ਆਪਣਾ ਕੀਤਾ ਵਾਅਦਾ ਪੁਗਾਇਆ ਹੈ ਅਤੇ ਉਦਯੋਗਿਕ ਇਕਾਈਆਂ ਵਲੋਂ ਸਬ-ਯਾਰਡ ਦੀ ਮੰਗ ਨੂੰ ਵੀ ਜਲਦ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ, ਡਿਪਟੀ ਮੇਅਰ ਰਣਜੀਤ ਚੌਧਰੀ, ਚੇਅਰਮੈਨ ਮਾਰਕੀਟ ਕਮੇਟੀ ਰਾਜੇਸ਼ ਗੁਪਤਾ, ਸਰਪੰਚ ਸਤਨਾਮ ਕੌਰ, ਆਲ ਇੰਡੀਆ ਪਲਾਈਵੁੱਡ ਮੈਨੁਫੈਕਚਰਰ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਤਿਵਾੜੀ, ਹੁਸ਼ਿਆਰਪੁਰ ਪਲਾਈਵੁੱਡ ਮੈਨੁਫੈਕਚਰਰ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਅਰੋੜਾ, ਜਨਰਲ ਸਕੱਤਰ ਸਤੀਸ਼ ਗੁਪਤਾ, ਸਵਿਤਰੀ ਪਲਾਈਵੁੱਡ ਦੇ ਸੀ.ਐਮ.ਡੀ. ਮੁਕੇਸ਼ ਗੋਇਲ, ਹੁਸ਼ਿਆਰਪੁਰ ਵੁੱਡ ਪਾਰਕ ਦੇ ਖ਼ਜਾਨਚੀ ਗੋਪਾਲ ਅਗਰਵਾਲ, ਵੁੱਡ ਪਾਰਕ ਦੇ ਡਾਇਰੈਕਟਰ ਸੰਜੀਵ ਗੁਪਤਾ, ਰਿਸ਼ਵ ਅਰੋੜਾ, ਨਿਸ਼ਾਂਤ ਖੰਨਾ ਆਦਿ ਮੌਜੂਦ ਸਨ।