ਵੱਧ ਰਹੀ ਤਪਸ਼ ਅਤੇ ਲੂੰ ਤੋਂ ਬਚਣ ਲਈ ਸਿਵਲ ਸਰਜਨ ਦਫ਼ਤਰ ਤਰਨ ਤਾਰਨ ਵੱਲੋਂ ਹਦਾਇਤਾਂ ਜਾਰੀ

ਤਰਨ ਤਾਰਨ, 10 ਜੂਨ 2021
ਵੱਧ ਰਹੀ ਤਪਸ਼ ਅਤੇ ਲੂੰ ਤੋਂ ਬਚਣ ਲਈ ਸਿਵਲ ਸਰਜਨ ਦਫ਼ਤਰ ਤਰਨ ਤਾਰਨ ਵੱਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਸਬੰਧੀ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਵੱਧ ਰਹੀ ਤਪਸ਼ ਵਿੱਚ ਲੂੰ ਤੋਂ ਬਚਣ ਲਈ ਕਿੱਧਰੇ ਵੀ ਬਾਹਰ ਜਾਣ ਤੋਂ ਪਹਿਲਾਂ ਪਾਣੀ ਪੀ ਕੇ ਘਰੋਂ ਨਿਕਲਣਾ ਚਾਹੀਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਗਰਮੀ ਤੋਂ ਆਪਣੇ-ਆਪ ਨੂੰ ਬਚਾਉਣ ਲਈ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਤਰਲ ਪਦਾਰਥ ਜਿਵੇਂ ਕਿ ਲੱਸੀ, ਪਾਣੀ, ਨਿੰਬੂ ਪਾਣੀ ਪੀ ਕੇ ਹੀ ਨਿਕਲਣਾ ਚਾਹੀਦਾ ਹੈ ਅਤੇ ਕੋਸ਼ਿਸ ਕਰੋ ਕਿ ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲਿਆ ਜਾਵੇ।
ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਜੇਕਰ ਜ਼ਰੂਰਤ ਅਨੂਸਾਰ ਬਾਹਰ ਨਿਕਲਣਾ ਵੀ ਪੈਂਦਾ ਹੈ ਤਾਂ ਕੋਸ਼ਿਸ ਕਰੋ ਕਿ ਬੈਠਣ ਲਈ ਥਾਂ ਠੰਢੀ ਹੋਵੇ। ਉਨਾਂ ਕਿਹਾ ਕਿ ਜ਼ਿਆਦਾ ਪਾਣੀ ਦਾ ਸੇਵਨ ਕਰਨਾ, ਕੋਲਡ ਡਰਿੰਕਸ ਪੀਣ ਤੋਂ ਬਚਣਾ ਚਾਹੀਦਾ ਹੈ ਅਤੇ ਹਲਕੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਟੀਕ ਘੰਟੇ 12 ਤੋਂ 3 ਵਜੇ ਤੱਕ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਲੂੰ ਆਪਣੀ ਪੂਰੇ ਜ਼ੋਰਾਂ ‘ਤੇ ਹੁੰਦੀ ਹੈ।
ਸਿਵਲ ਸਰਜਨ ਨੇ ਵੱਖ-ਵੱਖ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਦੇ ਪੀਣ ਲਈ ਠੰਡਾ ਪਾਣੀ ਕਾਫੀ ਮਾਤਰਾ ਵਿੱਚ ਹੋਣਾ ਚਾਹੀਦਾ ਹੈ ਅਤੇ ਟਰਾਂਸਪੋਰਟ ਅਧਿਕਾਰੀਆਂ ਨੂੰ ਬੱਸਾਂ ਵਿੱਚ ਯਾਤਰੀਆਂ ਦੀ ਸਹੂਲਤ ਲਈ ਫਸਟ ਏਡ ਬਾਕਸ ਅਤੇ ਪੀਣ ਵਾਲੇ ਦਾ ਇੰਤਜ਼ਾਮ ਰੱਖਣਾ ਚਾਹੀਦਾ ਹੈ।
ਸਿਵਲ ਸਰਜਨ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਰਹੀ ਤਪਸ਼ ਕਾਰਨ ਆਪਣੇ ਪਸ਼ੂਆਂ ਦਾ ਧਿਆਨ ਰੱਖਣ ਅਤੇ ਉਨ੍ਹਾਂ ਲਈ ਪੀਣ ਵਾਲੇ ਪਾਣੀ ਦਾ ਖਾਸ ਧਿਆਨ ਦੇਣ। ਉਨਾਂ ਨੇ ਦੱਸਿਆ ਕਿ ਲੂੰ ਦੇ ਲੱਛਣ ਜਿਵੇਂ ਕਿ ਚੱਕਰ ਆਉਣਾ, ਬਹੁਤ ਪਸੀਨਾ ਆਉਣਾ, ਥਕਾਨ ਹੋਣਾ, ਸਿਰ ਦਰਦ, ਉਲਟੀਆਂ, ਲਾਲ ਗਰਮ ਤੇ ਖੁਸ਼ਕ ਚਮੜੀ, ਮਾਸਪੇਸ਼ੀਆਂ ਵਿਚ ਕਮਜ਼ੋਰੀ ਹੋਣਾ ਆਦਿ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਜ਼ਰੂਰਤ ਪੈਣ ਤੇ ਮੁਫ਼ਤ ਐਂਬੂਲੈਂਸ ਸੇਵਾ ਲਈ ਟੋਲ ਫ੍ਰੀ ਨੰਬਰ 108 ਅਤੇ ਸਿਹਤ ਸਬੰਧੀ ਜਾਣਕਾਰੀ ਲੈਣ ਲਈ ਟੋਲ ਫ੍ਰੀ ਨੰਬਰ 104 ‘ਤੇ ਕਾਲ ਕੀਤੀ ਜਾ ਸਕਦੀ ਹੈ।

Spread the love