ਸ਼ਹਿਰ ਦੀਆਂ ਸਾਰੀਆਂ ਵਾਰਡਾਂ ਵਿੱਚ ਲਗਾਏ ਜਾਣਗੇ ਟੀਕਾਕਰਨ ਕੈਂਪ

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਅੰਮ੍ਰਿਤਸਰ
ਅਫਵਾਹਾ ਤੋਂ ਬਚੋ, ਕਰੋਨਾ ਟੀਕਾ ਜਰੂਰ ਲਗਵਾਓ-ਸੋਨੀ
ਅੰਮ੍ਰਿਤਸਰ, 12 ਮਈ , 2021  ਸ਼ਹਿਰ ਵਾਸੀਆਂ ਨੂੰ ਕਰੋਨਾ ਦੀ ਦੂਜੀ ਲਹਿਰ ਤੋਂ ਬਚਾਉਣ ਲਈ ਟੀਕਾਕਰਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਵਿੱਚ ਟੀਕਾਕਰਨ ਦੇ ਕੈਂਪ ਲਗਾ ਕੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਕਤ ਸ਼ਬਦਾ ਦਾ ਪ੍ਰਗਟਾਵਾ ਕਰਦੇ ਹੋਏ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਨੇ ਦੱਸਿਆ ਕਿ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਸਰਕਾਰ ਵੱਲੋਂ ਕੁਝ ਸਖਤ ਕਦਮ ਵੀ ਚੁੱਕੇ ਗਏ ਹਨ। ਉਨ੍ਰਾਂ ਦੱਸਿਆ ਕਿ ਇਹ ਕਦਮ ਰਾਜ ਦੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਜਰੂਰੀ ਸਨ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਮੁਕੰਮਲ ਲਾਕਡਾਊਨ ਨਾ ਲਗਾ ਕੇ ਸ਼ਹਿਰ ਵਿੱਚ ਇਕ ਦਿਨ ਸੱਜਾਂ ਤੇ ਇਕ ਖੱਬਾ ਪਾਸਾ ਦੀਆਂ ਦੁਕਾਨਾਂ ਖੋਲਣ ਦੀ ਆਗਿਆ ਦਿੱਤੀ ਹੈ ਤਾਂ ਜੋ ਆਰਥਿਕ ਤੌਰ ਤੇ ਕਮਜੌਰ ਵਰਗ ਦੇ ਵਿਅਕਤੀਆਂ ਦੀ ਰੋਜੀ ਰੋਟੀ ਤੇ ਅਸਰ ਨਾ ਪਵੇ ਅਤੇ ਲੋਕਾਂ ਦਾ ਫਰਜ ਵੀ ਬਣਦਾ ਹੈ ਕਿ ਉਹ ਪ੍ਰਸਾਸ਼ਨ ਦਾ ਪੂਰਾ ਸਹਿਯੋਗ ਕਰਨ ਤਾਂ ਜੀੋ ਇਸ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕੇ।
ਸ੍ਰੀ ਸੋਨੀ ਨੇ ਦੱਸਿਆ ਕਿ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਵਿੱਚ ਟੀਕਾਕਰਨ ਦੇ ਸਪੈਸ਼ਲ ਕੈਂਪ ਲਗਾ ਕੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਸ੍ਰੀ ਸੋਨੀ ਨੇ ਕਿਹਾ ਕਿ ਕਰੋਨਾ ਵੈਕਸੀਨ ਸਬੰਧੀ ਲੋਕਾਂ ਵੱਲੋਂ ਬੇਫਜੂਲ ਅਫਵਾਹਾ ਫੈਲਾਈਆ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਸ੍ਰੀ ਸੋਨੀ ਨੇ ਦੱਸਿਆ ਕਿ ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੀਆਂ ਵਾਰਡ ਨੰ: 55, 57, 60, 61 ਅਤੇ 69 ਵਿਖੇ ਸਪੈਸ਼ਲ ਕੈਂਪ ਲਗਾ ਕੇ ਕਰੀਬ 1000 ਵਿਅਕਤੀਆਂ ਨੂੰ ਕਰੋਨਾ ਟੀਕੇ ਲਗਾਏ ਗਏ ਹਨ। ਸ੍ਰੀ ਸੋਨੀ ਨੇ ਵੱਖ ਵੱਖ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ ਜਿਹੜੇ ਕੋਵਿਡ ਮਹਾਂਮਾਰੀ ਦੀ ਆਈ ਖਤਰਨਾਕ ਲਹਿਰ ਦਾ ਮੁਕਾਬਲਾ ਕਰਨ ਲਈ ਸਹਿਯੋਗ ਕਰ ਰਹੇ ਹਨ।
ਸ੍ਰੀ ਸੋਨੀ ਨੇ 45 ਸਾਲ ਤੋਂ ਵਧੇਰੇ ਉਮਰ ਦੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਵੈਕਸੀਨ ਜਰੂਰ ਲਗਵਾਉਣ। ਉਨ੍ਹਾਂ ਦੱਸਿਆ ਕਿ ਵੈਕਸੀਨ ਲਗਾਉਣ ਨਾਲ ਵਿਅਕਤੀ ਦੀ ਸਰੀਰਕ ਸ਼ਕਤੀ ਵਿੱਚ ਕਾਫੀ ਵਾਧਾ ਹੁੰਦਾ ਹੈ ਅਤੇ ਇਸ ਮਹਾਂਮਾਰੀ ਨਾਲ ਲੜਨ ਲਈ ਪੂਰੀ ਤਰ੍ਹਾਂ ਸਮਰੱਥ ਹੋ ਜਾਂਦਾ ਹੈ। ਸ੍ਰੀ ਸੋਨੀ ਨੇ ਕਿਹਾ ਕਿ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਖੁਦ ਅੱਗੇ ਆਈਏ ਅਤੇ ਸਿਹਤ ਵਿਭਾਗ ਦੁਆਰਾ ਦਿੱਤੀਆਂ ਗਈਆਂ ਸਾਵਧਾਨੀਆਂ ਦੀ ਪਾਲਣਾ ਕਰਕੇ ਇਸ ਮਹਾਂਮਾਰੀ ਤੇ ਜਿੱਤ ਪ੍ਰਾਪਤ ਕਰੀਏ। ਇਸ ਮੌਕੇ ਵਾਰਡ ਨੰ: 69 ਦੀ ਕੌਂਸਲਰ ਸ੍ਰੀਮਤੀ ਰੀਨਾ ਚੋਪੜਾ ਨੇ ਸ੍ਰੀ ਸੋਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਵਾਰਡਾਂ ਵਿੱਚ ਟੀਕਾਕਰਨ ਕੈਂਪ ਲਗਾ ਕੇ ਇਕ ਵਧੀਆ ਉਪਰਾਲਾ ਕੀਤਾ ਹੈ। ਉੋਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪ ਲੱਗਣ ਨਾਲ ਲੋਕਾਂ ਦੇ ਸਮੇਂ ਦੀ ਕਾਫੀ ਬੱਚਤ ਹੁੰਦੀ ਹੈ ਅਤੇ ਟੀਕਾਕਰਨ ਕੇਂਦਰਾਂ ਵਿੱਚ ਪੈਂਦੀ ਭੀੜ ਤੋਂ ਵੀ ਨਿਜਾਤ ਮਿਲਦੀ ਹੈ।
ਇਸ ਮੌਕੇ ਚੇਅਰਮੈਨ ਮਹੇਸ਼ ਖੰਨਾ , ਕੌਂਸਲਰ ਵਿਕਾਸ ਸੋਨੀ, ਸ੍ਰੀ ਪਰਮਜੀਤ ਸਿੰਘ ਚੋਪੜਾ, ਸ੍ਰੀ ਸੁਰਿੰਦਰ ਕੁਮਾਰ ਛਿੰਦਾ, ਸ੍ਰੀ ਗੁਰਦੇਵ ਸਿੰਘ ਦਾਰਾ, ਸ੍ਰ ਸਰਬਜੀਤ ਸਿੰਘ ਲਾਟੀ ਵੀ ਹਾਜਰ ਸਨ।
Spread the love