ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਠੀਕ ਕਰਨ ਲਈ ਮੇਅਰ ਤੇ ਕੌਂਸਲਰਾਂ ਨੇ ਕਮਾਨ ਸੰਭਾਲੀ

ਕੁਝ ਸਫ਼ਾਈ ਕਰਮੀਆਂ ਨੇ ਆਪਣੇ ਕੰਮਾਂ ’ਤੇ ਪਰਤ ਕੇ ਸਫ਼ਾਈ ਦਾ ਕੰਮ ਸ਼ੁਰੂ ਕੀਤਾ
ਬਟਾਲਾ, 10 ਜੂਨ 2021 ਸ਼ਹਿਰ ਦੀ ਵਿਗੜੀ ਹੋਈ ਸਫ਼ਾਈ ਵਿਵਸਥਾ ਨੂੰ ਠੀਕ ਕਰਨ ਲਈ ਨਗਰ ਨਿਗਮ ਬਟਾਲਾ ਦੇ ਮੇਅਰ ਸ. ਸੁਖਦੀਪ ਸਿੰਘ ਤੇਜਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ, ਕਮਿਸ਼ਨਰ ਨਗਰ ਨਿਗਮ ਸ. ਬਲਵਿੰਦਰ ਸਿੰਘ, ਕੌਂਸਲਰ ਅਤੇ ਸ਼ਹਿਰ ਦੇ ਮੋਹਤਬਰ ਵਿਅਕਤੀ ਖੁਦ ਅੱਗੇ ਆਏ ਹਨ। ਸ਼ਹਿਰ ਦੇ ਇਨ੍ਹਾਂ ਮੋਹਤਬਰ ਵਿਅਕਤੀਆਂ ਵੱਲੋਂ ਅੱਜ ਸਵੇਰੇ ਗਾਂਧੀ ਕੈਂਪ ਤੋਂ ਸਫ਼ਾਈ ਸੇਵਕਾਂ ਨਾਲ ਮਿਲ ਕੇ ਕੂੜੇ ਦੇ ਢੇਰਾਂ ਨੂੰ ਚੁਕਵਾਇਆ ਗਿਆ।
ਇਸ ਮੌਕੇ ਮੇਅਰ ਸ. ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ ਸਫ਼ਾਈ ਕਰਮੀਆਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਕੀਤੀ ਜਾ ਰਹੀ ਲਗਾਤਾਰ ਹੜਤਾਲ ਕਾਰਨ ਸ਼ਹਿਰ ਦੀ ਸਫ਼ਾਈ ਵਿਵਸਥਾ ਪੂਰੀ ਤਰਾਂ ਵਿਗੜ ਗਈ ਹੈ ਅਤੇ ਥਾਂ-ਥਾਂ ਗੰਦਗੀ ਦੇ ਢੇਰ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸ਼ਹਿਰ ਵਿੱਚ ਗੰਦਗੀ ਦਾ ਫੈਲਣਾ ਹੋਰ ਵੀ ਚਿੰਤਾਜਨਕ ਹੈ। ਇਸੇ ਲਈ ਅੱਜ ਉਨ੍ਹਾਂ ਸਮੇਤ ਸਮੂਹ ਕੌਂਸਲਰਾਂ ਅਤੇ ਸ਼ਹਿਰ ਦੇ ਹੋਰ ਮੋਹਤਬਰਾਂ ਨੇ ਇਕੱਠੇ ਹੋ ਕੇ ਸਫ਼ਾਈ ਕਰਮੀਆਂ ਨੂੰ ਸਫ਼ਾਈ ਕਰਨ ਲਈ ਸਮਝਾਇਆ ਹੈ ਅਤੇ ਉਨ੍ਹਾਂ ਵਿਚੋਂ ਕੁਝ ਸਫ਼ਾਈ ਕਰਮੀ ਅੱਜ ਕੰਮ ’ਤੇ ਪਰਤ ਆਏ ਹਨ। ਉਨ੍ਹਾਂ ਕਿਹਾ ਕਿ ਅੱਜ ਗਾਂਧੀ ਕੈਂਪ ਦੇ ਡੰਪ ਤੋਂ ਕੂੜੇ ਨੂੰ ਚੁਕਵਾਇਆ ਗਿਆ ਹੈ ਅਤੇ ਸ਼ਹਿਰ ਦੇ ਬਾਕੀ ਭਾਗਾਂ ਵਿੱਚ ਵੀ ਸਫ਼ਾਈ ਮੁਹਿੰਮ ਅਰੰਭੀ ਜਾਵੇਗੀ।
ਮੇਅਰ ਸ. ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ ਉਨ੍ਹਾਂ ਸਮੇਤ ਸਾਰੇ ਕੌਂਸਲਰ ਸਫ਼ਾਈ ਕਰਮੀਆਂ ਦੀਆਂ ਹੱਕੀ ਮੰਗਾਂ ਦੇ ਹੱਕ ਵਿੱਚ ਉਨ੍ਹਾਂ ਦੇ ਨਾਲ ਹਨ ਅਤੇ ਉਹ ਵੀ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਸਫ਼ਾਈ ਕਰਮੀਆਂ ਦੀਆਂ ਜਾਇਜ ਮੰਗਾਂ ਨੂੰ ਪਹਿਲ ਦੇ ਅਧਾਰ ’ਤੇ ਮੰਨਿਆ ਜਾਵੇ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮੀ ਆਪਣਾ ਵਿਰੋਧ ਕਿਸੇ ਹੋਰ ਤਰੀਕੇ ਨਾਲ ਵੀ ਜ਼ਾਹਰ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਸਫ਼ਾਈ ਨੂੰ ਨਹੀਂ ਛੱਡਣਾ ਚਾਹੀਦਾ।
ਮੇਅਰ ਸ. ਤੇਜਾ ਨੇ ਕਿਹਾ ਕਿ ਅੱਜ ਕੁਝ ਸਫ਼ਾਈ ਕਰਮੀ ਆਪਣੇ ਕੰਮ ’ਤੇ ਪਰਤ ਆਏ ਹਨ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਬਾਕੀ ਦੇ ਸਫ਼ਾਈ ਕਰਮੀ ਵੀ ਸ਼ਹਿਰ ਵਾਸੀਆਂ ਦੀ ਅਤੇ ਆਪਣੀ ਖੁਦ ਦੀ ਤੇ ਆਪਣੇ ਪਰਿਵਾਰਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਹੜਤਾਲ ਨੂੰ ਖਤਮ ਕਰਕੇ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਠੀਕ ਕਰਨ ਵਿੱਚ ਤੁਰੰਤ ਲੱਗ ਜਾਣਗੇ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ ਨੇ ਕਿਹਾ ਕਿ ਸਫ਼ਾਈ ਕਰਮੀਆਂ ਨੂੰ ਸਰਕਾਰ ਅੱਗੇ ਆਪਣੀਆਂ ਮੰਗਾਂ ਰੱਖਣ ਦੀ ਪੂਰੀ ਅਜ਼ਾਦੀ ਹੈ ਪਰ ਨਾਲ ਹੀ ਉਨ੍ਹਾਂ ਨੂੰ ਮੌਕੇ ਦੀ ਨਜਾਕਤ ਨੂੰ ਵੀ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਵਿਚੋਂ ਗੰਦਗੀ ਨਾ ਚੁੱਕੀ ਗਈ ਤਾਂ ਕੋਰੋਨਾ ਦੇ ਨਾਲ ਸ਼ਹਿਰ ਵਿੱਚ ਹੋਰ ਵੀ ਮਹਾਂਮਾਰੀ ਫੈਲ ਸਕਦੀ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮੀਆਂ ਨੂੰ ਆਪਣਾ ਹੱਠ ਛੱਡਕੇ ਲੋਕਾਈ ਦਾ ਖਿਆਲ ਰੱਖਦਿਆਂ ਹੜਤਾਲ ਖਤਮ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਨਗਰ ਨਿਗਮ ਵੱਲੋਂ ਮੇਅਰ ਦੀ ਅਗਵਾਈ ਵਿੱਚ ਸ਼ਹਿਰ ਦੀ ਸਫ਼ਾਈ ਬਾਰੇ ਚੰਗੀ ਪਹਿਲ ਕੀਤੀ ਗਈ ਹੈ ਅਤੇ ਸਮੂਹ ਸਫ਼ਾਈ ਕਰਮੀਆਂ ਅਤੇ ਸ਼ਹਿਰ ਵਾਸੀਆਂ ਨੂੰ ਇਸ ਵਿੱਚ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ।
ਇਸ ਮੌਕੇ ਮੇਅਰ ਸ. ਸੁਖਦੀਪ ਸਿੰਘ ਤੇਜਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ, ਕਮਿਸ਼ਨਰ ਨਗਰ ਨਿਗਮ ਸ. ਬਲਵਿੰਦਰ ਸਿੰਘ, ਗੌਤਮ ਸੇਠ ਗੁੱਡੂ, ਸੰਜੀਵ ਸ਼ਰਮਾ, ਚੰਦਰ ਮੋਹਨ, ਕੌਂਸਲਰ ਸੁਖਦੇਵ ਸਿੰਘ ਬਾਜਵਾ, ਕਸਤੂਰੀ ਲਾਲ ਕਾਲਾ, ਹਰਨੇਕ ਸਿੰਘ ਨੇਕੀ, ਗੁਰਪ੍ਰੀਤ ਸਿੰਘ ਸ਼ਾਨਾ, ਦਵਿੰਦਰ ਸਿੰਘ, ਹਰਪਾਲ ਸਿੰਘ ਬੈਸਟ ਟਾਈਲ ਵਾਲੇ, ਰਮੇਸ਼ ਵਰਮਾ, ਹੈਪੀ ਮਹਾਜਨ, ਸੁਪਰਡੈਂਟ ਨਿਰਮਲ ਸਿੰਘ, ਯੂਥ ਆਗੂ ਰਾਹੁਲ ਅਤੇ ਹੋਰ ਮੋਹਤਬਰ ਵੀ ਹਾਜ਼ਰ ਸਨ।

Spread the love