ਸ਼ਹਿਰ ਦੀ ਸਫ਼ਾਈ ਵਿੱਚ ਨਗਰ ਨਿਗਮ ਦੇ ਨਾਲ ਸ਼ਹਿਰ ਵਾਸੀ ਵੀ ਸਹਿਯੋਗ ਕਰਨ:ਮੇਅਰ ਸੁਖਦੀਪ ਤੇਜਾ

ਬਟਾਲਾ, 25 ਮਈ,2021 ਨਗਰ ਨਿਗਮ ਬਟਾਲਾ ਦੇ ਮੇਅਰ ਸ. ਸੁਖਦੀਪ ਸਿੰਘ ਤੇਜਾ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹਿਰ ਦੀ ਸਫ਼ਾਈ ਵਿੱਚ ਨਗਰ ਨਿਗਮ ਦਾ ਸਹਿਯੋਗ ਕਰਨ ਤਾਂ ਜੋ ਅਸੀਂ ਸਾਰੇ ਮਿਲ ਕੇ ਆਪਣੇ ਸ਼ਹਿਰ ਨੂੰ ਸਾਫ਼-ਸੁਥਰਾ ਤੇ ਖੂਬਸੂਰਤ ਬਣਾ ਸਕੀਏ।
ਮੇਅਰ ਸ. ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ ਨਗਰ ਨਿਗਮ ਸ਼ਹਿਰ ਦੀ ਸਫ਼ਾਈ ਲਈ ਵਚਨਬੱਧ ਹੈ ਅਤੇ ਸਫ਼ਾਈ ਕਰਮੀਆਂ ਨੂੰ ਸਾਰੇ ਸ਼ਹਿਰ ਵਿੱਚ ਬੀਟਾਂ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਬਟਾਲਾ ਸ਼ਹਿਰ ਨੂੰ ਕੂੜਾ ਤੇ ਡੰਪ ਮੁਕਤ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਕੋਸ਼ਿਸ਼ਾਂ ਵਜੋਂ ਸ਼ਹਿਰ ਵਿੱਚ ਕੂੜੇ ਦੀ ਸੈਗਰੀਗੇਸ਼ਨ ਕਰਕੇ ਗਿੱਲੇ ਕੂੜੇ ਨੂੰ ਕੰਪੋਸਟ ਕਰਨ ਲਈ ਪਿਟਸ ਬਣਾਏ ਗਏ ਹਨ। ਸੁੱਕੇ ਕੂੜੇ ਨੂੰ ਸੈਗਰੀਗੇਟ ਕਰਕੇ ਉਸਨੂੰ ਰੀਸਾਈਕਲ ਕੀਤਾ ਜਾ ਰਿਹਾ ਹੈ।
ਮੇਅਰ ਸ. ਤੇਜਾ ਨੇ ਕਿਹਾ ਕਿ ਨਗਰ ਨਿਗਮ ਵੱਲੋਂ ‘ਮੇਰਾ ਕੂੜਾ, ਮੇਰੀ ਜਿੰਮੇਵਾਰੀ’ ਮੁਹਿੰਮ ਤਹਿਤ ਸ਼ਹਿਰ ਵਾਸੀਆਂ ਨੂੰ ਆਪਣੇ ਘਰਾਂ ਵਿੱਚ ਹੀ ਗਿੱਲੇ ਕੂੜੇ ਤੋਂ ਕੰਪੋਸਟ ਖਾਦ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਫ਼ਾਈ ਕਰਮੀਆਂ ਵੱਲੋਂ ਘਰਾਂ ਤੋਂ ਸੁੱਕਾ ਤੇ ਗਿੱਲਾ ਕੂੜਾ ਵੱਖ-ਵੱਖ ਲਿਆ ਜਾ ਰਿਹਾ ਹੈ ਤਾਂ ਜੋ ਕੂੜੇ ਦਾ ਵਿਗਿਆਨਿਕ ਵਿਧੀ ਨਾਲ ਨਿਪਟਾਰਾ ਕੀਤਾ ਜਾ ਸਕੇ। ਮੇਅਰ ਸ. ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ ਬਟਾਲਾ ਸ਼ਹਿਰ ਨੂੰ ਕੂੜਾ ਮੁਕਤ ਕਰਨ ਵਿੱਚ ਸ਼ਹਿਰ ਵਾਸੀ ਅੱਗੇ ਹੋ ਕੇ ਆਪਣਾ ਯੋਗਦਾਨ ਪਾਉਣ ਤਾਂ ਜੋ ਸ਼ਹਿਰ ਨੂੰ ਸਾਫ਼ ਤੇ ਖੂਬਸੂਰਤ ਬਣਾਇਆ ਜਾ ਸਕੇ।

Spread the love