ਸ਼ਹਿਰ ਦੀ ਹਰੇਕ ਵਾਰਡ ਵਿਚ ਲਗਾਏ ਜਾਣਗੇ ਕੋਰੋਨਾ ਤੋਂ ਬਚਾਅ ਦੇ ਟੀਕੇ-ਸੋਨੀ

ਕੇਂਦਰੀ ਹਲਕੇ ਦੀਆਂ 2 ਵਾਰਡਾਂ ਵਿਚ ਕੀਤਾ ਟੀਕਾਕਰਨ ਕੈਂਪ ਦਾ ਉਦਘਾਟਨ
ਅੰਮਿ੍ਰਤਸਰ, 3 ਜੁਲਾਈ 2021 ਕੈਬਨਿਟ ਮੰਤਰੀ ਸ੍ਰੀ ਓ ਪੀ ਸੋਨੀ ਨੇ ਕੇਂਦਰੀ ਹਲਕੇ ਦੀਆਂ ਵਾਰਡਾਂ ਵਿਚ ਲਗਾਏ ਗਏ ਕਰੋਨਾ ਦੇ ਟੀਕਾਕਰਨ ਕੈਂਪਾਂ ਦਾ ਉਦਘਾਟਨ ਕਰਦੇ ਕਿਹਾ ਕਿ ਅਸੀਂ ਸ਼ਹਿਰ ਦੀ ਹਰੇਕ ਵਾਰਡ ਵਿਚ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਕੈਂਪ ਲਗਾ ਰਹੇ ਹਾਂ, ਪਰ ਇਸ ਦਾ ਸਹੀ ਲਾਭ ਤਾਂ ਹੀ ਹੋਵੇਗਾ, ਜੇਕਰ ਆਪਾਂ ਸਾਰੇ ਸੁਹਿਰਦਤਾ ਨਾਲ ਇੰਨਾਂ ਕੈਂਪਾਂ ਦਾ ਲਾਹਾ ਲਈਏ। ਅੱਜ ਵਾਰਡ ਨੰਬਰ 48 ਦੇ ਰਾਮਾਨੰਦ ਬਾਗ ਅਤੇ ਵਾਰਡ ਨੰਬਰ 49 ਦੇ ਕੱਟੜਾ ਸ਼ੇਰ ਸਿੰਘ ਵਿਖੇ ਲਗਾਏ ਗਏ ਕਰੋਨਾ ਟੀਕਾਕਰਨ ਕੈਂਪਾਂ ਦੀ ਸ਼ੁਰੂਆਤ ਕਰਦੇ ਸ੍ਰੀ ਸੋਨੀ ਨੇ ਕਿਹਾ ਕਿ ਕਰੋਨਾ ਤੋਂ ਬਚਾਅ ਦਾ ਇਕੋ-ਇਕ ਸਾਧਨ ਅਜੇ ਤੱਕ ਵਿਸ਼ਵ ਕੋਲ ਆਇਆ ਹੈ, ਜੋ ਕਿ ਵੈਕਸੀਨ। ਇਸ ਲਈ ਪੰਜਾਬ ਸਰਕਾਰ ਆਪਣੇ ਹਰੇਕ ਨਾਗਰਿਕ ਨੂੰ ਇਹ ਟੀਕਾ ਲਗਾਉਣ ਦਾ ਯਤਨ ਕਰ ਰਹੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਦੋਂ ਵੀ ਮੌਕਾ ਮਿਲੇ ਕਰੋਨਾ ਤੋਂ ਬਚਾਅ ਲਈ ਟੀਕਾ ਜ਼ਰੂਰ ਲਗਾਉਣ। ਉਨਾਂ ਦੱਸਿਆ ਕਿ ਅੱਜ ਅੰਮਿ੍ਰਤਸਰ ਜਿਲ੍ਹੇ ਵਿਚ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਆਪਣੀ ਟੀਮ ਨਾਲ 250 ਤੋਂ ਵੱਧ ਥਾਵਾਂ ਉਤੇ ਟੀਕਾਕਰਨ ਕੈਂਪ ਲਗਾਏ ਹਨ। ਉਨਾਂ ਕਰੋਨਾ ਸੰਕਟ ਵਿਚ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਵੀ ਸਰਾਹਨਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਵਿਕਾਸ ਸੋਨੀ ਕੌਂਸਲਰ, ਚੇਅਰਮੈਨ ਸ੍ਰੀ ਸੰਜੀਵ ਅਰੋੜਾ, ਸ੍ਰੀ ਸੁਨੀਲ ਕੁਮਾਰ ਕੌਂਟੀ, ਸ੍ਰੀ ਇਕਬਾਲ ਸਿੰਘ, ਸ੍ਰੀ ਮਨਮੋਹਨ ਕੁੰਦਰਾ, ਅੰਜੂ ਅਰੋੜਾ, ਸ੍ਰੀ ਰਿੰਕੂ ਮਹੇਸ਼ਵਰੀ ਆਦਿ ਪਤਵੰਤੇ ਵੀ ਹਾਜ਼ਰ ਸਨ।
ਵੈਕਸੀਨ ਕੈਂਪਾਂ ਦੀ ਸ਼ੁਰੂਆਤ ਕਰਦੇ ਸ੍ਰੀ ਓ ਪੀ ਸੋਨੀ।

Spread the love