ਸ਼ਹੀਦ ਮੇਜਰ ਬਲਵਿੰਦਰ ਸਿੰਘ ਬਾਜਵਾ, ਪਿੰਡ ਪਿੰਡੀ ਨੂੰ ਯਾਦ ਕਰਿਦਆਂ, ਕੱਲ 22 ਜੂਨ ਨੂੰ ਕੀਤਾ ਜਾਵੇਗਾ ਸਿਜਦਾ
ਗੁਰਦਾਸਪੁਰ 21 ਜੂਨ 2021 ਗਲੇਸ਼ੀਅਰ ਥਾਨਾ ਪੋਸਟ ਨੂੰ ਜਿੱਤਣ ਵਾਲੇ ਅਤੇ ਬਹਾਦਰੀ ਭਰੀ ਡਿਉਟੀ ਕਰਨ ਦੇ ਨਾਲ-ਨਾਲ ਜੀਵਨ ਵਿੱਚ ਇਕ ਅਸਲ ਸੰਤ ਵਾਂਗ ਵਿਚਰਣ ਵਾਲੇ ਸ਼ਹੀਦ ਮੇਜਰ ਬਲਵਿੰਦਰ ਸਿੰਘ ਬਾਜਵਾ, ਪਿੰਡ ਪਿੰਡੀ ਗੁਰਦਾਸਪੁਰ, ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾਂ ਜ਼ਿੰਦਾ ਰਹਿਣਗੇ। ਅੱਜ ਤੋਂ 21 ਵਰ੍ਹੇ ਪਹਿਲਾਂ ਉਹ ਜੰਮੂ ਕਸ਼ਮੀਰ ਦੇ ਪਿੰਡ ਪੁਲਹਾਮਾਂ ਵਿੱਚ ਮਿਤੀ 22 ਜੂਨ 2000 ਨੂੰ ਪਾਕਿਸਤਾਨੀ ਟ੍ਰੇਂਡ ਪਠਾਣਾ ਨਾਲ ਲੜਦੇ ਦੋ ਅੱਤਵਾਦੀਆਂ ਨੂੰ ਢੇਰ ਕਰਕੇ ਲੜਦੇ ਲੜਦੇ ਸ਼ਹੀਦੀ ਪਾ ਗਏ ਸਨ। ਅੱਜ ਕੱਲ੍ਹ ਜਿੱਥੇ ਬਹੁਤ ਸਾਰੇ ਲੋਕ ਪੁਰਸਕਾਰਾਂ ਲਈ ਲੜਦੇ ਹਨ ਓਥੇ ਕੁੱਝ ਸੱਚੇ ਤੇ ਸੁਹਿਰਦ ਲੋਕ ਹਮੇਸ਼ਾਂ ਕੁਰਬਾਨੀਆਂ ਲਈ ਤਿਆਰ ਰਹਿੰਦੇ ਹਨ।
ਸ਼ਹੀਦ ਮੇਜ਼ਰ ਬਲਵਿੰਦਰ ਸਿੰਘ ਦੇ ਦੋਵੇਂ ਲੜਕੇ ਗੌਰਵਪ੍ਰੀਤ ਸਿੰਘ ਬਾਜਵਾ ਅਤੇ ਕਰਨਦੀਪ ਸਿੰਘ ਬਾਜਵਾ, ਆਪਣੇ ਪਿਤਾ ਦੀ ਕੁਰਬਾਨੀ ਤੇ ਵੱਡਾ ਮਾਣ ਕਰਦੇ ਹਨ ਅਤੇ ਆਪਣੇ ਪਿਤਾ ਦਾ ਪ੍ਰਤੀਬਿੰਬ ਬਣਕੇ ਜੀਵਨ ਦੇ ਵੱਖ ਵੱਖ ਖੇਤਰਾਂ ਵਿੱਚ ਸਿਰਜਨਾਤਮਿਕ ਕਾਰਜ ਕਰ ਰਹੇ ਹਨ। ਦੋਹਵੇ ਆਪਣੇ ਆਪਣੇ ਖੇਤਰ ਦੇ ਮਾਹਿਰ ਆਰਟਿਸਟ ਹਨ। ਇਸੇ ਤਰ੍ਹਾਂ ਹੀ ਸ਼ਹੀਦ ਦੀ ਪਤਨੀ ਰਾਜਵਿੰਦਰ ਕੌਰ ਬਾਜਵਾ ਜੋ ਕਿ ਇਕ ਲੋਹ ਔਰਤ ਦੇ ਤੌਰ ਤੇ ਜਾਣੀ ਜਾਂਦੀ ਹੈ , ਨੇ ਦੱਸਿਆ ਕਿ ਉਨਾ ਨੇ ਆਪਣੇ ਪਤੀ ਦੀ ਸ਼ਹੀਦੀ ਤੋਂ ਬਾਅਦ ਆਪਣੇ ਦੋਵੇ ਬੱਚਿਆਂ ਨੂੰ ਪਾਲਿਆ ਅਤੇ ਸਿਵਲ ਸੇਵਾਵਾਂ ਇਮਾਨਦਾਰੀ ਨਾਲ ਨਿਭਾਉਦਿਆਂ ਆਪਣੇ ਸ਼ਹੀਦ ਪਤੀ ਨੂੰ ਵੱਧ ਤੋਂ ਵੱਧ ਮਾਣ ਦਵਾਇਆ।
ਮੇਜਰ ਬਾਜਵਾ ਨੇ ਦੇਸ਼ ਲਈ ਲੜਦਿਆਂ ਨਿਸ਼ਚੇ ਕਰ ਆਪਣੀ ਜੀਤ ਕਰੂ ਦੇ ਵਾਕ ਅਨੁਸਾਰ ਕੁਰਬਾਨੀ ਦੇ ਕਿ ਇਹ ਸਾਬਤ ਕਰ ਦਿੱਤਾ ਸੀ ਕਿ ਗੁਰੂ ਦੇ ਸਿੱਖ ਹਮੇਸ਼ਾਂ ਦੇਸ਼ ਲਈ ਜਾਨ ਵਾਰਨ ਲਈ ਤਿਆਰ ਰਹਿਦੇ ਹਨ। ਉਹਨਾ ਦੇ ਸ਼ਹੀਦੀ ਦਿਵਸ ਤੇ ਕੱਲ ਉਹਨਾ ਦੀ ਯਾਦ ਵਿਚ ਸਥਾਪਤ ਕੀਤੇ ਗਏ ਯਾਦਗਾਰੀ ਬੁੱਤ (ਫਿਸ਼ ਪਾਰਕ ਗੁਰਦਾਸਪੁਰ ) ਵਿਖੇ ਯਾਦ ਕੀਤਾ ਜਾਵੇਗਾ।
ਆਓ ਅਸੀਂ ਵੀ ਮੇਜਰ ਬਾਜਵਾ ਨੂੰ ਸ਼ਰਧਾਂਜਲੀ ਭੇਂਟ ਕਰੀਏ ਅਤੇ ਉਹਨਾ ਯੋਧਿਆਂ ਨੂੰ ਯਾਦ ਕਰੀਏ ਜ਼ਿਨ੍ਹਾਂ ਨੇ ਦੇਸ਼ ਦੇ ਨਾਂ ਆਪਣੀ ਜ਼ਿੰਦ ਜਾਨ ਲਗਾ ਦਿੱਤੀ।