ਸ਼ੂਗਰ ਰੋਗੀਆਂ ਨੂੰ ਬਲੈਕ ਫੰਗਸ ਤੋਂ ਵਧੇਰੇ ਸਾਵਧਾਨ ਰਹਿਣ ਦੀ ਜ਼ਰੂਰਤ : ਡਾ ਗੀਤਾਂਜਲੀ ਸਿੰਘ

ਨਵਾਂਸ਼ਹਿਰ, 4 ਜੂਨ 2021 ਮਾਣਯੋਗ ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵੱਲੋਂ ਬਲੈਕ ਫੰਗਸ (ਮਿਊਕਰ ਮਾਈਕੋਸਿਸ) ਸੰਕ੍ਰਮਣ ਦੀ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਛੇੜੀ ਜਾ ਰਹੀ ਹੈ। ਸੂਬੇ ਵਿਚ ਬਲੈਕ ਫੰਗਸ ਸੰਕ੍ਰਮਣ ਨਿਰੰਤਰ ਵਧ ਰਿਹਾ ਹੈ, ਜਿਸ ਤੋਂ ਬਚਾਅ ਕਰਨ ਅਤੇ ਸੁਚੇਤ ਰਹਿਣ ਦੀ ਸਖਤ ਜ਼ਰੂਰਤ ਹੈ। ਹਾਲਾਂਕਿ ਨਵਾਂਸ਼ਹਿਰ ਵਿਚ ਬਲੈਕ ਫੰਗਸ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਫਿਰ ਵੀ ਬਲਾਕ ਵਾਸੀਆਂ ਨੂੰ ਸਾਵਧਾਨ ਰਹਿਣ ਦੀ ਸਖਤ ਜ਼ਰੂਰਤ ਹੈ।
ਸੀਨੀਅਰ ਮੈਡੀਕਲ ਅਫ਼ਸਰ ਡਾ ਗੀਤਾਂਜਲੀ ਸਿੰਘ ਨੇ ਅੱਜ ਇੱਥੇ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਸਿਹਤ ਵਿਭਾਗ ਮਿਊਕਰਮਾਈਕੋਸਿਸ (ਬਲੈਕ ਫੰਗਸ) ਤੋਂ ਪੀੜਤ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਿਹਤ ਮਾਹਿਰਾਂ ਦੇ ਵਿਸ਼ਲੇਸ਼ਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਮਿਊਕਰਮਾਈਕੋਸਿਸ ਦੇ ਕੇਸਾਂ ਵਿਚ ਸ਼ੂਗਰ ਰੋਗ ਜ਼ੋਖਮ ਦਾ ਇੱਕ ਵੱਡਾ ਕਾਰਕ ਹੈ।
ਸੀਨੀਅਰ ਮੈਡੀਕਲ ਅਫ਼ਸਰ ਡਾ ਗੀਤਾਂਜਲੀ ਸਿੰਘ ਨੇ ਦੱਸਿਆ ਕਿ ਮਿਊਕਰਮਾਈਕੋਸਿਸ ਦੇ 25 ਫੀਸਦੀ ਕੇਸ 18-45 ਉਮਰ ਵਰਗ, 38 ਫੀਸਦੀ ਕੇਸ 45-60 ਉਮਰ ਵਰਗ ਅਤੇ 36 ਫੀਸਦੀ ਕੇਸ 60 ਸਾਲ ਤੋਂ ਜ਼ਿਆਦਾ ਦੀ ਉਮਰ ਵਾਲੇ ਵਿਅਕਤੀਆਂ ਵਿੱਚ ਰਿਪੋਰਟ ਹੋਏ ਹਨ। ਉਨ੍ਹਾਂ ਕਿਹਾ ਕਿ ਮਿਊਕਰਮਾਈਕੋਸਿਸ ਦੇ ਤਕਰੀਬਨ 80 ਫੀਸਦੀ ਕੇਸ ਕੋਵਿਡ ਦੇ ਹਨ ਅਤੇ ਮਿਊਕਰਮਾਈਕੋਸਿਸ ਦੇ 87 ਫੀਸਦੀ ਕੇਸਾਂ ਵਿੱਚ ਸ਼ੂਗਰ ਦੀ ਬਿਮਾਰੀ ਜੋਖਮ ਦੇ ਵੱਡੇ ਕਾਰਕ ਵਜੋਂ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ 32 ਫੀਸਦੀ ਕੇਸਾਂ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘੱਟ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਮਰਨ ਵਾਲੇ 43 ਮਰੀਜ਼ਾਂ ਵਿਚੋਂ 88 ਫ਼ੀਸਦ ਕੋਵਿਡ ਤੋਂ ਪੀੜਤ ਸਨ, 86 ਫ਼ੀਸਦ ਮਰੀਜ਼ਾਂ ਨੇ ਪਹਿਰਾਂ ਸਟਿਰੌਆਇਡ ਦੀ ਵਰਤੋਂ ਕੀਤੀ ਸੀ, 80 ਫ਼ੀਸਦ ਮਰੀਜ਼ ਸ਼ੂਗਰ ਦੇ ਮਰੀਜ਼ ਸਨ।
ਡਾ ਸਿੰਘ ਨੇ ਉਨ੍ਹਾਂ ਮਰੀਜ਼ਾਂ ਨੂੰ ਅਪੀਲ ਕੀਤੀ ਜਿਨ੍ਹਾਂ ਦਾ ਟੈਸਟ ਕੋਵਿਡ ਪਾਜ਼ੇਟਿਵ ਆਇਆ ਹੈ ਜਾਂ ਜਿਹੜੇ ਹਾਲ ਹੀ ਵਿੱਚ ਕੋਵਿਡ ਤੋਂ ਪੀੜਤ ਰਹੇ ਹਨ ਅਤੇ ਜਿਨ੍ਹਾਂ ਨੂੰ ਸ਼ੂਗਰ ਵੀ ਹੈ, ਉਨ੍ਹਾਂ ਨੂੰ ਸਟਿਰੌਆਇਡ ਦੀ ਵਰਤੋਂ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਡਾਕਟਰਾਂ ਨਾਲ ਸਲਾਹ ਕਰਨੀ ਚਾਹੀਦੀ ਹੈ ਜੇਕਰ ਉਨ੍ਹਾਂ ਨੂੰ ਨੱਕ ਬੰਦ, ਨੱਕ ਵਿੱਚੋਂ ਕਾਲੇ ਰੰਗ ਦਾ ਡਿਸਚਾਰਜ ਜਾਂ ਮੂੰਹ ਦੇ ਅੰਦਰ ਰੰਗ ਬਦਲਦਾ ਮਹਿਸੂਸ ਹੁੰਦਾ ਹੈ ਤਾਂ ਜੋ ਉਨ੍ਹਾਂ ਦਾ ਇਲਾਜ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਸਾਨੂੰ ਬਲੈਕ ਫੰਗਸ ਤੋਂ ਸੁਚੇਤ ਰਹਿਣ ਦੀ ਸਖਤ ਲੋੜ ਹੈ, ਕਿਉਂਕਿ ਕਰੋਨਾ ਮਰੀਜ਼ਾਂ ਲਈ ਬਲੈਕ ਫੰਗਸ ਘਾਤਕ ਸਿੱਧ ਹੋ ਸਕਦੀ ਹੈ। ਬੇਕਾਬੂ ਸ਼ੂਗਰ ਦੇ ਰੋਗੀ, ਘੱਟ ਇਮੀਊਨਿਟੀ ਵਾਲੇ ਵਿਅਕਤੀ, ਸਟੀਰਾਇਡਜ ਜਾਂ ਇਮਿਊਨੋਮੇਡੁਲੇਟਰਾਂ ਨਾਲ ਕੋਵਿਡ-19 ਤੋਂ ਸਿਹਤਯਾਬ ਹੋਏ ਵਿਅਕਤੀ, ਲੰਮਾ ਸਮਾਂ ਆਕਸੀਜਨ ’ਤੇ ਰਹਿਣ ਵਾਲੇ ਮਰੀਜ਼ਾਂ ਨੂੰ ਇਸ ਸੰਕ੍ਰਮਣ ਦਾ ਜ਼ਿਆਦਾ ਖਤਰਾ ਹੈ। ਉਨ੍ਹਾਂ ਨੇ ਦੱਸਿਆ ਕਿ ਬਲੈਕ ਫੰਗਸ ਦਾ ਕੋਈ ਵੀ ਲੱਛਣ ਦਿੱਸਣ ’ਤੇ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਵਿਖੇ ਨੱਕ, ਕੰਨ, ਗਲਾ, ਮੈਡੀਸਨ, ਛਾਤੀ ਰੋਗਾਂ ਦੇ ਮਾਹਿਰ ਜਾਂ ਪਲਾਸਟਿਕ ਸਰਜਨ ਨਾਲ ਸੰਪਰਕ ਕਰਕੇ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਸਮੇਂ ਸਿਰ ਇਸ ਸੰਕ੍ਰਮਣ ਦਾ ਇਲਾਜ ਹੋ ਸਕੇ।