ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ’ਚ ਉਡਾਨ ਪ੍ਰੋਜੈਕਟ ਤਹਿਤ 1926 ਆਂਗਣਵਾੜੀ ਕੇਂਦਰਾਂ ਰਾਹੀਂ ਮਹਿਲਾਵਾਂ ਨੂੰ ਉਪਲਬਧ ਕਰਵਾਈ ਜਾਵੇਗੀ ਸੈਨੇਟਰੀ ਪੈਡ ਦੀ ਸੁਵਿਧਾ
ਡਿਪਟੀ ਕਮਿਸ਼ਨਰ ਨੇ 10 ਵਿਦਿਆਰਥਣਾਂ ਨੂੰ ਸੈਨੇਟਰੀ ਪੈਡ ਦੇ ਕੇ ਜ਼ਿਲ੍ਹੇ ’ਚ ਯੋਜਨਾ ਦੀ ਕੀਤੀ ਸ਼ੁਰੂਆਤ
ਹੁਸ਼ਿਆਰਪੁਰ, 28 ਮਈ : 2021 ਪੰਜਾਬ ਸਰਕਾਰ ਵਲੋਂ ਅੱਜ ਅੰਤਰਰਾਸ਼ਟਰੀ ਮਾਸਕ ਧਰਮ ਸਵੱਛਤਾ ਦਿਵਸ ਦੇ ਮੌਕੇ ’ਤੇ ਮਹਿਲਾਵਾਂ ਅਤੇ ਲੜਕੀਆਂ ਵਿੱਚ ਮਾਸਕ ਧਰਮ ਸਵੱਛਤਾ ਦੀ ਅਹਿਮਿਅਤ ਸਬੰਧੀ ਪਹਿਲਕਦਮੀ ਕਰਦੇ ਹੋਏ ਉਡਾਨ ਪ੍ਰੋਜੈਕਟ ਦੀ ਸ਼ੁਰੂਆਤ ਇਕ ਵਰਚੁਅਲ ਸਮਾਗਮ ਦੇ ਦੌਰਾਨ ਕੀਤੀ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿੱਚ ਆਯੋਜਿਤ ਸਮਾਗਮ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਵਲੋਂ ਸ਼ੁਰੂ ਕੀਤੇ ਗਏ ਉਡਾਨ ਪ੍ਰੋਜੈਕਟ ਤਹਿਤ ਹਰ ਮਹੀਨੇ ਜ਼ਿਲ੍ਹੇ ਦੇ 1926 ਆਂਗਣਵਾੜੀ ਕੇਂਦਰਾਂ ਰਾਹੀਂ ਲੋੜਵੰਦ ਮਹਿਲਾਵਾਂ ਅਤੇ ਲੜਕੀਆਂ ਨੂੰ ਮੁਫ਼ਤ ਸੈਨੇਟਰੀ ਪੈਡ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਵਰਚੁਅਲ ਸਮਾਗਮ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ੍ਹ ਦੀਆ 10 ਵਿਦਿਆਰਥਣਾਂ ਨੂੰ ਸੈਨੇਟਰੀ ਪੈਡ ਦੇ ਕੇ ਇਸ ਯੋਜਨਾ ਦੀ ਜ਼ਿਲ੍ਹੇ ਵਿੱਚ ਸ਼ੁਰੂਆਤ ਕਰਦੇ ਹੋਏ ਦੱਸਿਆ ਕਿ ਅੱਜ ਜ਼ਿਲ੍ਹੇ ਦੀਆਂ 80 ਥਾਵਾਂ ’ਤੇ ਚੱਲੇ ਇਸ ਵਰਚੁਅਲ ਸਮਾਗਮ ਤੋਂ ਬਾਅਦ ਲਾਭਪਾਤਰੀ ਮਹਿਲਾਵਾਂ ਅਤੇ ਲੜਕੀਆਂ ਨੂੰ ਪੈਡ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਮਹਿਲਾ ਸਸ਼ਕਤੀਕਰਨ ਦੇ ਲਈ ਆਂਗਣਵਾੜੀ ਵਰਕਰਾਂ ਰਾਹੀਂ ਲਾਭਪਾਤਰੀ ਲੜਕੀਆਂ ਅਤੇ ਮਹਿਲਾਵਾਂ ਨੂੰ ਸੈਨੇਟਰੀ ਪੈਡਾਂ ਦੀ ਵੰਡ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਮਹਿਲਾਵਾਂ ਨੂੰ ਮਾਸਕ ਧਰਮ ਦੇ ਵੇਲੇ ਆਪਣੇ ਰੋਜ਼ਾਨਾ ਜ਼ਿੰਦਗੀ ਆਤਮ ਵਿਸ਼ਵਾਸ਼ ਅਤੇ ਸਨਮਾਣ ਨਾਲ ਜੀਣ ਦਾ ਹੌਂਸਲਾ ਮਿਲੇਗਾ ਅਤੇ ਉਹ ਨਿੱਜੀ ਸਫਾਈ ਦੇ ਮਹੱਤਵ ਨੂੰ ਵੀ ਸਮਜਣਗੀਆਂ।
ਅਪਨੀਤ ਰਿਆਤ ਨੇ ਦੱਸਿਆ ਕਿ ਪਹਿਲਾਂ ਛੇਵੀ ਤੋਂ 12ਵੀਂ ਕਲਾਸ ਦੀਆਂ ਲੜਕੀਆਂ ਨੂੰ ਸੈਨੇਟਰੀ ਪੈਡ ਮੁਹੱਈਆ ਕਰਵਾਏ ਜਾਂਦੇ ਸਨ ਪਰ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਉਡਾਨ ਪ੍ਰੋਜੈਕਟ ਤਹਿਤ ਸਕੂਲ ਅਤੇ ਕਾਲਜ ਛੱਡ ਚੁੱਕੀਆਂ ਲੜਕੀਆਂ, ਬੀ.ਪੀ.ਐਲ ਪਰਿਵਾਰਾਂ ਦੀਆਂ ਔਰਤਾਂ, ਝੁੱਗੀ ਅਤੇ ਝੌਂਪੜੀ ਵਿੱਚ ਰਹਿਣ ਵਾਲੀਆਂ ਮਹਿਲਾਵਾਂ ਸਹਿਤ ਉਨ੍ਹਾਂ ਮਹਿਲਾਵਾਂ ਅਤੇ ਲੜਕੀਆਂ ਨੂੰ ਸਾਮਲ ਕੀਤਾ ਗਿਆ ਹੈ ਜੋ ਕਿ ਹੋਰ ਯੋਜਨਾ ਦੇ ਤਹਿਤ ਨਹੀਂ ਆਉਂਦੀਆਂ। ਇਸ ਮੌਕੇ ’ਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ, ਸੀ.ਡੀ.ਪੀ.ਓ ਰਾਜ ਬਾਲਾ, ਲੈਕਚਰਾਰ ਕੁਲਵਿੰਦਰਜੀਤ ਕੌਰ, ਕ੍ਰਿਸ਼ਨ ਗੋਪਾਲ ਸ਼ਰਮਾ, ਮਨੋਜ ਦੱਤਾ ਆਦਿ ਵੀ ਮੌਜੂਦ ਸਨ।