ਗੁਰਦਾਸਪੁਰ, 6 ਅਗਸਤ 2021 ਡਾ. ਹਰਭਜਨ ਰਾਮ ਸਿਵਲ ਸਰਜਨ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਕੋਵਿਡ ਮਿਬਾਰੀ ਦੀ ਦੂਜੀ ਲਹਿਰ ਤੋਂ ਬਾਅਦ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਦੀ ਇਜ਼ਾਜਤ ਦਿੱਤੀ ਗਈ ਹੈ ਪਰ ਸਕੂਲਾਂ ਦੇ ਪ੍ਰਬੰਧਕਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਅਧਿਆਪਕਾਂ, ਸਟਾਫ ਅਤੇ ਵਿਦਿਆਰਥੀਆਂ ਨੂੰ ਕੋਵਿਡ-19 ਦੀ ਰੋਕਥਾਮ ਦੇ ਉਪਾਵਾਂ ਬਾਰੇ ਜਾਗਰੂਕ ਕਰਨ।
ਸਿਵਲ ਸਰਜਨ ਨੇ ਅੱਗੇ ਕਿਹਾ ਕਿ ਸਕੂਲ ਅਤੇ ਇਸ ਵਿਚਲੀਆਂ ਵਾਰ-ਵਾਰ ਛੂਹੀਆਂ ਵਾਲੀਆਂ ਸਤਹਾਂ ਦੀ ਰੋਜਾਨਾ ਸਫ਼ਾਈ ਅਤੇ ਰੋਗਾਣੂ-ਮੁਕਤ ਕਰਨ ਲਈ ਸਮਾਂ-ਸਾਰਣੀ ਤਿਆਰ ਕਰਨੀ ਚਾਹੀਦੀ ਹੈ ਅਤੇ ਹੱਥਾਂ ਦੀ ਸਫਾਈ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬੱਚੇ ਬਿਮਾਰ ਹੋਵੇ ਤਾਂ ਘਰ ਹੀ ਰਹਿਣ ਸਬੰਧੀ ਨੀਤੀ ਲਾਗੂ ਕਰਨੀ ਚਾਹੀਦੀ ਹੈ ਅਤੇ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਹੜੇ ਵਿਦਿਆਰਥੀ ਜਾਂ ਸਟਾਫ ਕੋਵਿਡ-19 ਮਰੀਜ਼ ਦੇ ਸੰਪਰਕ ਵਿੱਚ ਆਏ ਹਨ, ਉਹ 14 ਦਿਨ ਘਰ ਹੀ ਰਹਿਣ। ਹਾਲਾਂਕਿ ਡੈਸਕਾਂ ਦੇ ਫਾਸਲੇ ਨਾਲ, ਰੀਸੈਸ, ਬ੍ਰੇਕ ਅਤੇ ਲੰਚ ਬਰੇਕ ਨੂੰ ਪੜਾਅਵਾਰ ਢੰਗ ਨਾਲ ਵਿਵਸਥਿਤ ਕਰਕੇ, ਕਲਾਸਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਕੇ ਹਰੇਕ ਵਿਚਕਾਰ ਘੱਟੋ-ਘੱਟ 6 ਫੁੱਟ ਦੀ ਸਰੀਰਕ ਦੂਰੀ ਬਣਾਈ ਜਾ ਸਕਦੀ ਹੈ ਅਤੇ ਕਲਾਸਰੂਮਾਂ ਵਿੱਚ ਚੰਗੀ ਹਵਾਦਾਰੀ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਵਾਰ ਵਾਰ ਹੱਥਾਂ ਦੀ ਸਫਾਈ ਅਤੇ ਵਾਤਾਵਰਣ ਦੀ ਸਫਾਈ ਸਬੰਧੀ ਉਪਾਅ ਕਰਨੇ ਚਾਹੀਦੇ ਹਨ।
ਉਨਾਂ ਰੋਕਥਾਮ ਉਪਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਅਤੇ ਸਟਾਫ ਦੀ ਨਿਯਮਤ ਰੂਪ ਵਿੱਚ ਐਂਟਰੀ ਅਤੇ ਐਗਜਿਟ ਪੁਆਇੰਟਾਂ ਤੇ ਗੈਰ-ਸੰਪਰਕੀ ਥਰਮੋਮੀਟਰਾਂ ਰਾਹੀਂ ਜਾਂਚ ਕੀਤੀ ਜਾਵੇ ਅਤੇ ਕੋਵਿਡ -19 ਦੇ ਸ਼ੱਕੀ ਮਾਮਲਿਆਂ ਦਾ ਪਤਾ ਲਗਾਉਣ ਲਈ ਇਨਫਲੂਐਂਜਾ ਵਰਗੀ ਬਿਮਾਰੀ ਲਈ ਸਿੰਡਰੋਮਿਕ ਸਰਵੀਲੈਂਸ ਕੀਤੀ ਜਾਣੀ ਚਾਹੀਦੀ ਹੈ। ਉਨਾਂ ਕਿਹਾ ਕਿ ਸ਼ੱਕੀ ਮਾਮਲਿਆਂ ਵਾਲੇ ਵਿਦਿਆਰਥੀਆਂ/ਸਟਾਫ ਨੂੰ ਘਰ ਭੇਜਿਆ ਜਾਵੇ ਅਤੇ ਕੋਵਿਡ -19 ਦੀ ਜਾਂਚ ਕੀਤੇ ਜਾਣ ਉਪਰੰਤ ਜਦੋਂ ਉਨਾਂ ਦਾ ਟੈਸਟ ਨੈਗੇਟਿਵ ਜਾਂ ਲੱਛਣ ਨਾ ਆਉਣ ਤਦ ਹੀ ਸਕੂਲ ਆਉਣ ਦੀ ਇਜਾਜਤ ਦਿੱਤੀ ਜਾਵੇ। ਜੇ ਟੈਸਟ ਪਾਜ਼ੇਟਿਵ ਹੋਵੇ ਤਾਂ ਵਿਅਕਤੀ ਨੂੰ ਇਕਾਂਤਵਾਸ ਕੀਤਾ ਜਾਵੇ ਅਤੇ ਇਸ ਮਾਮਲੇ ਵਿੱਚ ਕੋਵਿਡ -19 ਇਲਾਜ ਪ੍ਰੋਟੋਕੋਲ ਦੇ ਅਨੁਸਾਰ ਇਲਾਜ ਕੀਤਾ ਜਾਣਾ ਚਾਹੀਦਾ ਹੈ।