ਸਫਾਈ ਕਰਮਚਾਰੀਆਂ ਦਾ ਕੱਟਿਆ ਜਾਂਦਾ ਵਿਕਾਸ ਟੈਕਸ ਬੰਦ ਹੋਵੇ: ਗੇਜਾ ਰਾਮ

ਸਫਾਈ ਕਰਮਚਾਰੀਆਂ ਅਤੇ ਸਿਵਰਮੈੱਨਾਂ ਦੀਆਂ ਮੰਗਾਂ ਬਾਰੇ ਕੈਬਨਿਟ ਮੰਤਰੀ ਨਾਲ ਮੀਟਿੰਗ
ਐਸ ਏ ਐਸ ਨਗਰ, 27 ਮਈ 2021
ਪੰਜਾਬ ਵਿੱਚ ਸਫਾਈ ਕਰਮਚਾਰੀਆਂ ਅਤੇ ਸਿਵਰਮੈੱਨ ਦੀ ਚੱਲ ਰਹੀ ਹੜਤਾਲ ਦੇ ਸਬੰਧ ਵਿੱਚ ਕਰਮਚਾਰੀਆਂ ਅਤੇ ਸਿਵਰਮੈੱਨ ਦੇ ਸਮੂਹ ਪ੍ਰਧਾਨ ਅਤੇ ਜੱਥੇਬੰਦੀਆਂ ਨੇ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਸ਼੍ਰੀ ਬ੍ਰਹਮ ਮਹਿੰਦਰਾ ਨਾਲ ਸਫਾਈ ਕਰਮਚਾਰੀਆਂ ਅਤੇ ਸਿਵਰਮੈੱਨਾਂ ਦੀਆਂ ਮੰਗਾਂ ਬਾਰੇ ਵਿਚਾਰ ਕੀਤਾ। ਇਸ ਮੌਕੇ ਸ਼੍ਰੀ ਗੇਜਾ ਰਾਮ ਚੇਅਰਮੈਨ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ
ਪੰਜਾਬ ਵੀ ਹਾਜ਼ਰ ਸਨ।
ਮੀਟਿੰਗ ਉਪਰੰਤ ਚੇਅਰਮੈਨ ਸ਼੍ਰੀ ਗੇਜਾ ਰਾਮ ਨੇ ਦੱਸਿਆ ਕਿ ਕਰਮਚਾਰੀਆਂ ਦੀਆਂ ਕਈ ਮੰਗਾ ਬਾਰੇ ਸਪੱਸ਼ਟ ਕੀਤਾ ਗਿਆ, ਜਿਵੇਂ ਕਿ ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚੋਂ ਕੱਟਿਆ ਜਾਂਦਾ ਵਿਕਾਸ ਟੈਕਸ ਤੁਰੰਤ ਬੰਦ ਕਰਨ ਲਈ ਕਿਹਾ ਗਿਆ ਹੈ ਅਤੇ ਸਾਲ 2008 ਤੋਂ ਪੂਰੇ ਸੂਬੇ ਵਿੱਚ ਮੁਹੱਲਾ ਸੁਧਾਰ ਕਮੇਟੀਆਂ ਨੂੰ ਭੰਗ ਕਰ ਦਿੱਤਾ ਗਿਆ ਸੀ, ਪਰ ਕਈ ਨਗਰ ਕੌਂਸਲਾਂ ਵਿੱਚ ਅਜੇ ਵੀ ਇਹ ਕਮੇਟੀਆਂ ਚੱਲ ਰਹੀਆਂ ਹਨ, ਇਨ੍ਹਾਂ ਮੁਹੱਲਾ ਸੁਧਾਰ ਕਮੇਟੀਆਂ ਨੂੰ ਤੁਰੰਤ ਬੰਦ ਕਰਨ ਲਈ ਕਿਹਾ ਗਿਆ।
ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਇਸ ਬਾਰੇ ਮੁੱਖ ਮੰਤਰੀ, ਪੰਜਾਬ, ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਲਈ ਤਿੰਨ ਦਿਨਾਂ ਦੇ ਅੰਦਰ ਦੁਬਾਰਾ ਮੀਟਿੰਗ ਕਰਨ ਲਈ ਕਿਹਾ ਹੈ ਤਾਂ ਜੋ ਠੇਕੇਦਾਰੀ ਸਿਸਟਮ/ਆਊਟ ਸੋਰਸ ਪ੍ਰਣਾਲੀ ਰਾਹੀਂ ਸੇਵਾ ਕਰ ਰਹੇ ਸਫਾਈ ਕਰਮਚਾਰੀਆਂ ਦੀ ਗਿਣਤੀ ਅਤੇ ਸਬੰਧਤ ਵੇਰਵੇ ਬਾਰੇ ਸਪੱਸ਼ਟੀਕਰਨ ਕੀਤਾ ਜਾ ਸਕੇ।

Spread the love