ਸਫਾਈ ਕਰਮਚਾਰੀ ਸਾਡੇ ਅਸਲ ਕਰੋਨਾ ਦੇ ਯੋਧੇ

ਸਫਾਈ ਕਰਮਚਾਰੀਆਂ ਦੀਆਂ ਖਾਲੀ ਆਸਾਮੀਆਂ ਤੁਰੰਤ ਭਰੀਆਂ ਜਾਣ-ਮੈਬਰ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ
ਅੰਮ੍ਰਿਤਸਰ 20 ਮਈ , 2021 : ਕਰੋਨਾ ਮਹਾਂਮਾਰੀ ਦੇ ਅਸਲ ਯੋਧੇ ਸਾਡੇ ਸਫਾਈ ਕਰਮਚਾਰੀ ਹਨ, ਜੋ ਕਿ ਕਰੋਨਾ ਮਹਾਂਮਾਰੀ ਦੋਰਾਨ ਸਾਡੇ ਆਲੇ ਦੁਆਲੇ ਨੂੰ ਸਾਫ ਸੁਥਰਾ ਅਤੇ ਸਵੱਛ ਰੱਖਣ ਵਿਚ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ: ਇੰਦਰਜੀਤ ਸਿੰਘ ਮੈਬਰ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਨੇ ਸਥਾਨਕ ਸਰਕਟ ਹਾਊਸ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ।
ਸ: ਇੰਦਰਜੀਤ ਸਿੰਘ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੋਰਾਨ ਵੀ ਸਫਾਈ ਕਰਮਚਾਰੀਆਂ ਵਲੋ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਸਥਾਨਕ ਹਸਪਤਾਲਾਂ ਅਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿਚ ਕਾਫੀ ਵੱਡਾ ਯੋਗਦਾਨ ਪਾਇਆ ਹੈ। ਮੈਬਰ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਨੇ ਅਧਿਕਾਰੀਆਂ ਕੋਲੋ ਵਿਭਾਗਾਂ ਵਿਚ ਖਾਲੀ ਪਈਆਂ ਸਫਾਈ ਕਰਮਚਾਰੀਆਂ ਦੀਆਂ ਪੋਸਟਾਂ ਸਬੰਧੀ ਜਾਣਕਾਰੀ ਲਈ ਗਈ ਅਤੇ ਹਦਾਇਤ ਕੀਤੀ ਕਿ ਖਾਲੀ ਪਈਆਂ ਸਾਰੀਆਂ ਸਫਾਈ ਕਰਮਚਾਰੀਆਂ ਦੀਆਂ ਪੋਸਟਾਂ ਤੁਰੰਤ ਭਰੀਆਂ ਜਾਣ। ਸ: ਇੰਦਰਜੀਤ ਸਿੰਘ ਨੇ ਮੀਟਿੰਗ ਵਿਚ ਹਾਜ਼ਰ ਗੁਰੂ ਨਾਨਕ ਦੇਵ ਹਸਪਤਾਲ ਦੇ ਡਾ: ਸ: ਨਰਿੰਦਰ ਸਿੰਘ ਨੂੰ ਹਦਾਇਤ ਕੀਤੀ ਕਿ ਠੇਕੇ ਤੇ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਦੇ ਈ ਪੀ ਐਫ ਨੰਬਰ ਨੂੰ ਯਕੀਨੀ ਬਣਾਇਆ ਜਾਵੇ ਅਤੇ ਸਬੰਧਤ ਠੇਕੇਦਾਰ ਵਲੋ ਸਫਾਈ ਕਰਮਚਾਰੀਆਂ ਦੇ ਅੰਸ਼ਦਾਨ ਨੂੰ ਈ ਪੀ ਐਫ ਵਿਚ ਪਾਉਣ ਸਬੰਧੀ ਨਿਗਰਾਨੀ ਕੀਤੀ ਜਾਵੇ ਅਤੇ ਜਿਸ ਠੇਕੇਦਾਰ ਵਲੋ ਇਹ ਕੰਮ ਨਹੀ ਕੀਤਾ ਜਾ ਰਿਹਾ ਉਸਦਾ ਕੰਟਰੈਕਟ ਤੁਰੰਤ ਰੱਦ ਕੀਤਾ ਜਾਵੇ।
ਮੀਟਿੰਗ ਦੋਰਾਨ ਮੈਬਰ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਨੇ ਪੁਲਸ ਸਟੇਸ਼ਨਾਂ,ਗੁਰੂ ਨਾਨਕ ਦੇਵ ਹਸਪਤਾਲ ਅਤੇ ਬਲਾਕਾਂ ਵਿਚ ਤਾਇਨਾਤ ਸਫਾਈ ਕਰਮਚਾਰੀਆਂ ਦੀ ਸੂਚੀ ਵੀ ਸਬੰਧਤ ਅਫਸਰਾਂ ਨੂੰ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ।ਇਸ ਮੌਕੇ ਉਨ੍ਹਾਂ ਵਲੋ ਸਫਾਈ ਕਰਮਚਾਰੀਆਂ ਨੂੰ ਪੇਸ਼ ਆਉਦੀਆਂ ਮੁਸ਼ਕਲਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇੰਨ੍ਹਾਂ ਮੁਸ਼ਕਲਾਂ ਨੂੰ ਤੁਰੰਤ ਹੱਲ ਕੀਤਾ ਜਾਵੇ।
ਇਸ ਮੀਟਿੰਗ ਵਿਚ ਮੈਡਮ ਜਸਵੰਤ ਕੋਰ ਏ ਡੀ ਸੀ ਪੀ, ਸ: ਬਲਦੇਵ ਸਿੰਘ ਡੀ ਐਸ ਪੀ, ਡਾ: ਅਮਰਜੀਤ ਸਿੰਘ ਪਸ਼ੂ ਪਾਲਣ ਵਿਭਾਗ, ਸ ਅਮਨਦੀਪ ਸਿੰਘ ਕਾਰਜਕਾਰੀ ਅਫਸਰ ਐਮ ਸੀ ਮਜੀਠਾ, ਸ: ਸੰਤੋਖ ਸਿੰਘ ਲੇਬਰ ਵਿਭਾਗ,ਸ: ਹਰਦੀਪ ਸਿੰਘ ਈ ਪੀ ਐਫ ਵਿਭਾਗ ਤੋ ਇਲਾਵਾ ਵੱਖ ਵੱਖ ਵਿਭਾਗਾਂ ਦੇ ਪ੍ਰਤੀਨਿਧੀ ਵੀ ਹਾਜ਼ਰ ਸਨ।
Spread the love