ਫਾਜ਼ਿਲਕਾ 26 ਅਗਸਤ 2021
ਬਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਓ ਮਾਵਾਂ ਦੀ ਸਿਹਤ ਪੱਖੋਂ ਸੁਰੱਖਿਆ ਅਤੇ ਪੋਸ਼ਟਿਕ ਭੋਜਨ ਮੁਹੱਈਆ ਕਰਵਾਉਣ ਲਈ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅਨੇਕਾ ਸਕੀਮਾਂ ਤੇ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਵਿਭਾਗ ਦੀ ਇੰਟੀਗੇ੍ਰਡ ਚਾਈਲਡ ਡਿਵੈਲਪਮੈਂਟ ਸਕੀਮ (ਆਈ.ਡੀ.ਸੀ. ਐਸ.) ਤਹਿਤ 56771 ਲਾਭਪਾਤਰੀਆਂ ਨੂੰ ਲਾਹਾ ਦਿੱਤਾ ਜਾ ਚੁੱਕਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਕੀਤਾ।
ਡਿਪਟੀ ਕਮਿਸ਼ਨਰ ਸ. ਸੰਧੂ ਨੇ ਦੱਸਿਆ ਕਿ ਆਈ.ਡੀ.ਐਸ.ਸੀ. ਸਕੀਮ ਅਧੀਨ 6 ਮਹੀਨੇ ਤੋਂ 6 ਸਾਲ ਤੱਕ ਦੇ ਬਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਨੂੰ ਪੋਸ਼ਕ ਆਹਾਰ, ਟੀਕਾਕਰਨ, ਸਿਹਤ ਦੀ ਜਾਂਚ-ਪੜਤਾਲ, ਨਿਉਟਰੀਸ਼ਨ, ਸਿਹਤ ਸਬੰਧੀ, ਸਕੂਲ ਪੂਰਵ ਸਿਖਿਆ ਆਦਿ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਮੈਡਮ ਹਰਦੀਪ ਕੌਰ ਨੇ ਦੱਸਿਆ ਕਿ 3 ਮਹੀਨੇ ਤੋਂ 3 ਸਾਲ ਤੱਕ ਦੇ 28030 ਬਚਿਆਂ, 3 ਸਾਲ ਤੋਂ 6 ਸਾਲ ਤੱਕ ਦੇ 17295 ਬੱਚਿਆਂ ਅਤੇ 11446 ਗਰਭਵਤੀ ਤੇ ਦੁੱਧ ਪਿਲਾਉ ਮਾਵਾਂ ਨੂੰ ਆਈ.ਡੀ.ਐਸ.ਸਕੀਮ ਅਧੀਨ ਲਾਭਪਾਤਰੀਆਂ ਨੂੰ ਆਂਗਣਵਾੜੀ ਸੈਂਟਰਾਂ ਵਿਚ ਕਣਕ, ਚਾਵਲ, ਚੀਨੀ, ਘਿਓ, ਪੰਜੀਰੀ, ਸੁੱਕਾ ਦੁੱਧ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਿਛਲੇ ਕੁਝ ਮਹੀਨਿਆਂ ਤੋਂ ਬੇਸਨ, ਮੂੰਗ ਦਾਲ, ਸੋਯਾ ਵਡੀ, ਡਬਲ ਫੋਰਟੀਫਾਈਡ, ਸੋਆ ਆਟਾ ਵੀ ਦਿੱਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਕੋਵਿਡ 19 ਦੌਰਾਨ ਲਾਭਪਾਤਰੀਆਂ ਨੂੰ ਘਰੇ ਜਾ ਕੇ ਰਾਸ਼ਨ ਮੁਹੱਈਆ ਕਰਵਾਇਆ ਗਿਆ ਹੈ।
ਇਸ ਸਕੀਮ ਦਾ ਲਾਹਾ ਲੈਣ ਵਾਲੀ ਪਿੰਡ ਬਾਧਾ ਦੀ ਰਹਿਣ ਵਾਲੀ ਦੁੱਧ ਪਿਲਾਉਣ ਵਾਲੀ ਮਾਂ ਵੀਨਾ ਰਾਣੀ ਆਪਣਾ ਤਜ਼ਰਬਾ ਸਾਂਝਾ ਕਰਦੀ ਆਖਦੀ ਹੈ ਕਿ ਆਂਗਣਵਾੜੀ ਵਰਕਰ ਵੱਲੋਂ ਉਸ ਦੇ ਗਰਭਵਤੀ ਹੋਣ ਤੋਂ ਲੈ ਕੇ ਮਾਂ ਬਣਨ ਤੱਕ ਪੂਰਾ ਧਿਆਨ ਰੱਖਿਆ ਗਿਆ। ਉਸ ਉਪਰੰਤ ਉਸਦਾ ਤੇ ਉਸਦੇ ਬਚੇ ਦੀ ਸਿਹਤ ਪੱਖੋਂ ਪੂਰੀ ਜਾਂਚ ਕੀਤੀ ਗਈ। ਉਹ ਆਖਦੀ ਹੈ ਕਿ ਵਿਭਾਗ ਵੱਲੋਂ ਪੋਸ਼ਟਿਕ ਆਹਾਰ ਵਜੋਂ ਕਣਕ, ਚਾਵਲ, ਘਿਓ, ਪੰਜੀਰੀ ਆਦਿ ਦਿੱਤੀ ਗਈ ਜਿਸ ਨਾਲ ਪੋਸ਼ਟਿਕ ਭੋਜਨ ਖਾਣ ਨੂੰ ਮਿਲਿਆ ਜਿਸ ਕਰਕੇ ਉਹ ਖੁਦ ਤੇ ਉਸਦਾ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੈ ਜਿਸ ਕਰਕੇ ਉਹ ਵਿਭਾਗ ਤੇ ਸਰਕਾਰ ਦਾ ਧੰਨਵਾਦ ਕਰਦੀ ਹੈ।