*ਕੋਰੋਨਾ ਸੁਰੱਖਿਆ ਬੈਰੀਕੇਡ ਪੱਟੀਆਂ ਨਾਲ ਵਧੇਗੀ ਸੁਰੱਖਿਆ ਜਾਗਰੂਕਤਾ
ਨਵਾਂਸ਼ਹਿਰ, 24 ਅਪ੍ਰੈਲ :
ਕੋਰੋਨਾ ਮਹਾਮਾਰੀ ਖਿਲਾਫ਼ ਜੰਗ ਵਿਚ ਫ਼ਤਿਹ ਹਾਸਲ ਕਰਨ ਲਈ ਜਿਥੇ ਸਰਕਾਰ, ਸਿਵਲ ਤੇ ਪੁਲਿਸ ਪ੍ਰਸ਼ਾਸਨ, ਸਿਹਤ ਤੇ ਹੋਰਨਾਂ ਵਿਭਾਗਾਂ ਵੱਲੋਂ ਦਿਨ-ਰਾਤ ਇਕ ਕੀਤਾ ਜਾ ਰਿਹਾ ਹੈ, ਉਥੇ ਸਮਾਜ ਸੇਵੀਆਂ ਵੱਲੋਂ ਵੀ ਕੋਰੋਨਾ ਨੂੰ ਹਰਾਉਣ ਲਈ ਜਾਰੀ ਮੁਹਿੰਮ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਤਹਿਤ ਨਵਾਂਸ਼ਹਿਰ ਦੇ ਵਾਤਾਵਰਣ ਪ੍ਰੇਮੀ ਅਸ਼ਵਨੀ ਜੋਸ਼ੀ ਅਤੇ ਸਮਾਜ ਸੇਵੀ ਰਾਜਨ ਅਰੋੜਾ ਨੇ ਇਕ ਨਿਵੇਕਲਾ ਉਪਰਾਲਾ ਕਰਦਿਆਂ ਦੁਕਾਨਾਂ ਅਤੇ ਦਫ਼ਤਰਾਂ ਵਿਚ ਲਗਾਉਣ ਲਈ ਇਕ ਵਿਸ਼ੇਸ਼ ਕੋਰੋਨਾ ਸੁਰੱਖਿਆ ਬੈਰੀਕੇਡ ਪੱਟੀ ਤਿਆਰ ਕੀਤੀ ਹੈ। ਅਜਿਹੀਆਂ ਪੱਟੀਆਂ ਦੀ ਵਰਤੋਂ ਨਾਲ ਜਿਥੇ ਕੋਰੋਨਾ ਤੋਂ ਬਚਾਅ ਹੋਵੇਗਾ, ਉਥੇ ਇਸ ਪ੍ਰਤੀ ਸੁਰੱਖਿਆ ਜਾਗਰੂਕਤਾ ਵੀ ਵਧੇਗੀ।
ਜਨਤਕ ਜਾਗਰੂਕਤਾ ਦੇ ਉਦੇਸ਼ ਨਾਲ ਇਸ ਪੱਟੀ ਦੀ ਸ਼ੁਰੂਆਤ ਅੱਜ ਉਨਾਂ ਵੱਲੋਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਐਸ. ਐਸ. ਪੀ ਅਲਕਾ ਮੀਨਾ ਦੇ ਦਫ਼ਤਰਾਂ ਤੋਂ ਕੀਤੀ ਗਈ। ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਦੇ ਹਰੇਕ ਵਿਅਕਤੀ ਨੂੰ ਕੋਰੋਨਾ ਮਹਾਮਾਰੀ ਖਿਲਾਫ਼ ਆਪਣਾ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ, ਤਾਂ ਜੋ ਜਲਦ ਹੀ ਇਸ ਨਾਮੁਰਾਦ ਬਿਮਾਰੀ ਤੋਂ ਮੁਕਤੀ ਮਿਲ ਸਕੇ।
ਇਸ ਮੌਕੇ ਅਸ਼ਵਨੀ ਜੋਸ਼ੀ ਅਤੇ ਰਾਜਨ ਅਰੋੜਾ ਨੇ ਦੱਸਿਆ ਕਿ ਉਨਾਂ ਵੱਲੋਂ ਇਹ ਬੈਰੀਕੇਡ ਪੱਟੀ ਦੁਕਾਨਾਂ ਅਤੇ ਦਫ਼ਤਰਾਂ ਵਿਚ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਨਵਾਂਸ਼ਹਿਰ ਵਿਚ ਇਹ ਬੈਰੀਕੇਡ ਪੱਟੀ ਰਾਜੂ ਪਿ੍ਰੰਟਿੰਗ ਪ੍ਰੈੱਸ ਵਿਖੇ ਉਪਲਬੱਧ ਕਰਵਾਈ ਗਈ ਹੈ ਅਤੇ ਆਪਣੀ ਜ਼ਰੂਰਤ ਅਨੁਸਾਰ ਉਥੋਂ ਵੀ ਲਈ ਜਾ ਸਕਦੀ ਹੈ।
ਕੈਪਸ਼ਨ :