ਅੰਮ੍ਰਿਤਸਰ 19 ਮਈ,2021 ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਬਦੌਲਤ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਦੀ ਦਿਸ਼ਾ ਚ’ ਜ਼ਿਲ੍ਹਾ ਅੰਮ੍ਰਿਤਸਰ ਦੇ ਸਮੂਹ ਸਰਕਾਰੀ ਸਕੂਲਾਂ ਦੀ ਖੂਬਸੂਰਤ ਦਿੱਖ ਨੂੰ ਫਿੱਟਨੈੱਸ ਦੇ ਚਾਰ ਚੰਦ ਲਾ ਕੇ ਸਮਾਰਟ ਖੇਡ ਮੈਦਾਨ ਬਣਾਉਣ ਲਈ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਬਹੁਤ ਜਲਦ ਸਮਾਰਟ ਖੇਡ ਮੈਦਾਨ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੀ ਸ਼ਾਨ ਬਣਨਗੇ।
ਜ਼ਿਲ੍ਹਾ ਸਿੱਖਿਆ ਅਫਸਰ (ਸੈ) ਅੰਮ੍ਰਿਤਸਰ ਸਤਿੰਦਰਬੀਰ ਸਿੰਘ ਅਤੇ ਸੁਸ਼ੀਲ ਕੁਮਾਰ ਤੁੱਲੀ ਜ਼ਿਲ੍ਹਾ ਸਿੱਖਿਆ ਅਫ਼ਸਰ( ਐ) ਅੰਮ੍ਰਿਤਸਰ ਦੀ ਅਗਵਾਈ ਹੇਠ ਕੁਲਜਿੰਦਰ ਸਿੰਘ ਮੱਲ੍ਹੀ ਜ਼ਿਲਾ ਮੈਂਟਰ ਖੇਡਾਂ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਅੰਦਰ ਚੱਲ ਰਹੇ ਸਮਾਰਟ ਖੇਡ ਮੈਦਾਨਾਂ ਦੇ ਕੰਮਾਂ ਸੰਬੰਧੀ ਆਨਲਾਈਨ ਸਮੀਖਿਆ ਮੀਟਿੰਗ ਕੀਤੀ ਗਈ। ਜਿਸ ਵਿੱਚ ਸਕੂਲ ਪੱਧਰ ਤੇ ਬਣਾਏ ਜਾ ਰਹੇ ਖੇਡ ਮੈਦਾਨ ਤਿਆਰ ਕਰਨ ਸਬੰਧੀ ਸਕੂਲ ਮੁਖੀਆਂ ਨਾਲ ਅਹਿਮ ਨੁਕਤੇ ਸਾਂਝੇ ਕੀਤੇ ਗਏ । ਸ. ਮੱਲ੍ਹੀ ਨੇ ਦੱਸਿਆ ਕਿ ਜਿੱਥੇ ਵਿਭਾਗ ਵੱਲੋਂ ਕਈ ਮਹਿੰਗੇ ਸਮਾਰਟ ਪਲੇਅ ਗਰਾਉਂਡ ਜਿਵੇਂ ਕਿ ਹਾਕੀ ਬਾਸਕਟਬਾਲ ਹੈਂਡਬਾਲ ਸ਼ੂਟਿੰਗ ਰੇਂਜ ਆਦਿ ਲਈ ਸਕੂਲ ਦੀ ਮੰਗ ਅਨੁਸਾਰ ਵਿਭਾਗ ਵੱਲੋਂ ਗ੍ਰਾਂਟ ਜਾਰੀ ਕੀਤੀ ਜਾ ਰਹੀ ਹੈ ਉੱਥੇ ਹੀ ਕਈ ਖੇਡਾਂ ਦੇ ਮੈਦਾਨ ਸਮਾਰਟ ਬਣਾਉਣ ਲਈ ਘੱਟ ਖ਼ਰਚੇ ਜਾਂ ਨਾ ਮਾਤਰ ਖ਼ਰਚੇ ਚ ਤਿਆਰ ਕੀਤੇ ਜਾ ਸਕਦੇ ਹਨ ਜਿਵੇਂ ਕਿ ਖੋ ਖੋ, ਕਬੱਡੀ, ਬੈਡਮਿੰਟਨ ਟੇਬਲ ਟੈਨਿਸ ਕੈਰਮ ਬੋਰਡ ਚੈੱਸ ਆਦਿ ਖੇਡਾਂ ਸ਼ਾਮਲ ਹਨ। ਇਸ ਮੌਕੇ ਉਨ੍ਹਾਂ ਨੇ ਖਾਸ ਕਰਕੇ ਪ੍ਰਾਇਮਰੀ ਵਿੰਗ ਦੇ ਸਮੂਹ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਨਵ ਨਿਯੁਕਤ ਪੀ ਟੀ ਆਈਜ਼ ਨੂੰ ਆਪਣੇ ਸਕੂਲ ਬੁਲਾ ਕੇ ਖੇਡ ਮੈਦਾਨ ਤਿਆਰ ਕਰਨ ਲਈ ਲੋੜੀਂਦੀ ਯੋਜਨਾ ਤਿਆਰ ਕੀਤੀ ਜਾਵੇ ਅਤੇ ਫੰਡਾਂ ਦੀ ਢੁੱਕਵੀਂ ਵਰਤੋਂ ਕਰਦਿਆਂ ਸੁਪਰ ਸਮਾਰਟ ਖੇਡ ਮੈਦਾਨਾਂ ਦਾ ਨਿਰਮਾਣ ਛੇਤੀ ਤੋਂ ਛੇਤੀ ਕਰਵਾਇਆ ਜਾਵੇ ਇਸ ਕੰਮ ਲਈ ਪੰਚਾਇਤ ਅਤੇ ਐੱਸ ਐੱਮ ਸੀ ਕਮੇਟੀ ਮੈਂਬਰਾਂ ਦਾ ਵਿੱਤੀ ਸਹਿਯੋਗ ਵੀ ਲਿਆ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਬੱਚਿਆਂ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਚ ਬੱਚੇ ਦਾਖਲ ਕਰਵਾਉਣ ਦੇ ਫ਼ੈਸਲੇ ਉੱਤੇ ਮਾਣ ਮਹਿਸੂਸ ਹੋਵੇਗਾ ਉਥੇ ਪਿੰਡਾਂ ਦੀ ਸ਼ਾਨ ਬਣੇ ਇਨ੍ਹਾਂ ਖੇਡ ਮੈਦਾਨਾਂ ਦੀ ਵਰਤੋਂ ਨਾਲ ਆਮ ਲੋਕ ਵੀ ਸਿਹਤ ਪੱਖੋਂ ਤੰਦਰੁਸਤ ਰਹਿਣਗੇ। ਇਸ ਮੌਕੇ ਉਨ੍ਹਾਂ ਨਾਲ ਅਮਨਦੀਪ ਸਿੰਘ ਬਲਾਕ ਮੈਂਟਰ, ਬਲਜੀਤ ਸਿੰਘ, ਕੁਲਦੀਪ ਸਿੰਘ, ਗੁਰਿੰਦਰ ਸਿੰਘ ਰੰਧਾਵਾ ਚਮਿਆਰੀ ਹਾਜ਼ਰ ਸਨ ।