ਨੌਜਵਾਨਾਂ 9 ਤੋਂ 17 ਸਤੰਬਰ ਤੱਕ ਲੱਗਣ ਜਾ ਰਹੇ ਮੈਗਾ ਰੋਜ਼ਗਾਰ ਮੇਲੇ ਦਾ ਲੈਣ ਵੱਧ ਤੋਂ ਵੱਧ ਲਾਹਾ – ਏ.ਡੀ.ਸੀ. ਅਮਿਤ ਕੁਮਾਰ ਪੰਚਾਲ
ਲੁਧਿਆਣਾ, 08 ਸਤੰਬਰ 2021 ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ. ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਲੁਧਿਆਣਾ ਸ਼੍ਰੀ ਅਮਿਤ ਕੁਮਾਰ ਪੰਚਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ ਤੇ ਕਾਰੋਬਾਰ’ ਮਿਸ਼ਨ ਤਹਿਤ ਕੱਲ 09 ਸਤੰਬਰ ਤੋਂ 17 ਸਤੰਬਰ ਤੱਕ 7ਵੇਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕੱਲ 09 ਸਤੰਬਰ ਨੂੰ ਪਹਿਲਾ ਰੋਜ਼ਗਾਰ ਮੇਲਾ ਸਰਕਾਰੀ ਆਈ.ਟੀ.ਆਈ., ਗਿੱਲ ਰੋਡ ‘ਤੇ, ਦੂਸਰਾ ਮੇਲਾ 13 ਸਤੰਬਰ ਨੂੰ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟ ਖੰਨਾ ਵਿੱਚ, ਤੀਸਰਾ 15 ਸਤੰਬਰ ਨੂੰ ਐਸ.ਆਰ.ਐਸ. ਸਰਕਾਰੀ ਪੌਲੀਟੈਕਨਿਕ ਕਾਲਜ਼ ਆਫ਼ ਗਰਲਜ਼ ਅਤੇ ਆਖਰੀ ਮੇਲਾ 17 ਸਤੰਬਰ ਨੂੰ ਸੀ.ਆਈ.ਸੀ.ਯੂ. ਫੋਕਲ ਪੁਆਇੰਟ ਵਿਖੇ ਆਯੋਜਿਤ ਕੀਤਾ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਸਾਰੇ ਰੋਜ਼ਗਾਰ ਮੇਲਿਆਂ ਦਾ ਸਮਾਂ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਹੋਵੇਗਾ।
ਉਨ੍ਹਾ ਅੱਗੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਲੱਗਣ ਵਾਲੇ ਇਸ ਸੱਤਵੇਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲਿਆ ਦਾ ਆਯੋਜਨ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਕੀਤਾ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਵਲੋਂ ਵੱਧ ਤੋਂ ਵੱਧ ਉਮੀਦਵਾਰਾਂ ਨੂੰ ਰੋਜ਼ਗਾਰ ਮੇਲਿਆਂ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਗਈ ਹੈ।
ਸ਼੍ਰੀ ਨਵਦੀਪ ਸਿੰਘ (ਡਿਪਟੀ ਸੀ.ਈ.ਓ.) ਅਤੇ ਸ਼੍ਰੀ ਘਣਸ਼ਿਆਮ (ਪਲੇਸਮਮੈਂਟ ਅਫਸਰ) ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਨੇ ਦੱਸਿਆ ਕਿ ਇਨ੍ਹਾਂ ਚਾਰ ਰੋਜ਼ਗਾਰ ਮੇਲਿਆਂ ਵਿੱਚ 17 ਹਜ਼ਾਰ ਨੌਕਰੀਆਂ ਦੀ ਪੇਸ਼ਕਸ਼ ਕੀਤੀ ਜਾਵੇਗੀ ਅਤੇ ਨੌਜਵਾਨਾਂ ਨੂੰ ਉਨ੍ਹਾ ਦੀ ਲੋੜ ਤੇ ਯੋਗਤਾ ਦੇ ਆਧਾਰ ‘ਤੇ ਚੁਣਿਆ ਜਾਵੇਗਾ। ਉਨ੍ਹਾ ਦੱਸਿਆ ਕਿ ਇਹ ਰੋਜ਼ਗਾਰ ਮੇਲੇ ਇੱਕ ਪਾਸੇ ਜ਼ਿਲ੍ਹੇ ਦੇ ਲੋੜਵੰਦ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਅਤੇ ਦੂਜੇ ਪਾਸੇ ਸਥਾਨਕ ਉਦਯੋਗ ਦੀਆਂ ਜ਼ਰੂਰਤਾਂ ਨਾਲ ਨਿਪਟਣ ਲਈ ਹੁਨਰਮੰਦ ਮਨੁੱਖੀ ਸ਼ਕਤੀ ਪ੍ਰਦਾਨ ਕਰਨ ਦੇ ਦੋ ਉਦੇਸ਼ਾਂ ਦੀ ਪੂਰਤੀ ਕਰਨਗੇ।
ਸ਼੍ਰੀਮਤੀ ਮਿਨਾਕਸ਼ੀ ਸ਼ਰਮਾ (ਡਿਪਟੀ ਡਾਇਰੈਕਟਰ) ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਡੀ.ਬੀ.ਈ.ਈ. ਵੱਲੋਂ ਇਨ੍ਹਾ ਮੇਲਿਆਂ ਵਿੱਚ ਨੌਜਵਾਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆਂ ਕਰਵਾਉਣ ਲਈ 200 ਪ੍ਰਮੁੱਖ ਕੰਪਨੀਆਂ ਅਤੇ ਉਦਯੋਗਿਕ ਘਰਾਣੇ ਇਨ੍ਹਾ ਰੋਜ਼ਗਾਰ ਮੇਲਿਆਂ ਵਿੱਚ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਬੇਰੋਜ਼ਗਾਰ ਨੌਜਵਾਨ ਜੋ 10ਵੀਂ ਪਾਸ, 12ਵੀਂ, ਆਈ.ਟੀ.ਆਈ., ਡਿਪਲੋਮਾ ਹੋਲਡਰ, ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਹਨ, ਨੂੰ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਹੋਰ ਨੌਕਰੀਆਂ ਲਈ ਵੈਬਸਾਈਟ www.pgrkam.com ‘ਤੇ ਰਜਿਸ਼ਟ੍ਰੇਸ਼ਨ ਕਰਾਉਣ ਦਾ ਵੀ ਸੱਦਾ ਦਿੱਤਾ।