ਬਟਾਲਾ, 30 ਜੁਲਾਈ 2021 ਸਰਕਾਰੀ ਮਿਡਲ ਸਕੂਲ ਬੁਰਜ ਅਰਾਈਆਂ ਦੀ ਅੱਠਵੀ ਜਮਾਤ ਦੀ ਵਿਦਿਆਰਥਣ ਜੋਤੀ ਨੇ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਵਿੱਚ ਜ਼ਿਲ੍ਹਾ ਗੁਰਦਾਸਪੁਰ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਅਗਲੀ ਪੜ੍ਹਾਈ ਲਈ ਵਜ਼ੀਫਾ ਹਾਸਲ ਕੀਤਾ ਹੈ।ਵਿਦਿਆਰਥਣ ਜੋਤੀ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਸਕੂਲ ਅਧਿਆਪਕਾਂ ਨੂੰ ਦਿੱਤਾ ਹੈ।
ਸਰਕਾਰੀ ਮਿਡਲ ਸਕੂਲ ਦੇ ਮੁੱਖ ਅਧਿਆਪਕ ਸ. ਕੁਲਦੀਪ ਸਿੰਘ ਅਤੇ ਸਾਇੰਸ ਅਧਿਆਪਕਾ ਸ੍ਰੀਮਤੀ ਨੈਨਸੀ ਨੇ ਦੱਸਿਆ ਕਿ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਵਿੱਚ ਰਾਜ ਭਰ ਵਿੱਚੋਂ 16985 ਵਿਦਿਆਰਥੀਆਂ ਨੇ ਭਾਗ ਲਿਆ ਸੀ ਜਿਸ ਵਿਚੋਂ ਉਨ੍ਹਾਂ ਦੇ ਸਕੂਲ ਦੀ ਵਿਦਿਆਰਥਣ ਜੋਤੀ ਨੇ ਪੰਜਾਬ ਭਰ ਵਿਚੋਂ 155ਵਾਂ ਅਤੇ ਜ਼ਿਲ੍ਹਾ ਗੁਰਦਾਸਪੁਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਮੁੱਖ ਅਧਿਆਪਕ ਕੁਲਦੀਪ ਸਿੰਘ ਨੇ ਦੱਸਿਆ ਕਿ ਐੱਸ.ਸੀ.ਈ.ਆਰ.ਟੀ. ਵੱਲੋਂ ਵਿਦਿਆਰਥਣ ਜੋਤੀ ਨੂੰ ਅਗਲੇਰੀ ਪੜ੍ਹਾਈ ਲਈ ਹਰ ਮਹੀਨੇ ਵਜ਼ੀਫਾ ਦਿੱਤਾ ਜਾਵੇਗਾ। ਸਰਕਾਰੀ ਮਿਡਲ ਸਕੂਲ ਬੁਰਜ ਅਰਾਈਆਂ ਦੇ ਸਮੂਹ ਸਟਾਫ ਨੇ ਵਿਦਿਆਰਥਣ ਜੋਤੀ ਨੂੰ ਇਸ ਪ੍ਰਾਪਤੀ ’ਤੇ ਵਧਾਈ ਦੇਣ ਦੇ ਨਾਲ ਉਸਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ ਹੈ।