ਸਰਕਾਰੀ ਮਿਡਲ ਸਕੂਲ ਬੇਗਾਂ ਵਾਲੀ ਵਿਖੇ ਕੋਵਿਡ ਖਿਲਾਫ ਕਰਵਾਇਆ ਗਿਆ ਜਾਗਰੂਕਤਾ ਪ੍ਰੋਗਰਾਮ

ਫਾਜ਼ਿਲਕਾ, 24 ਮਈ,2021
ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਦੇ ਦਿਸ਼ਾ-ਨਿਰਦੇਸ਼ਾਂ `ਤੇ ਐਸ.ਡੀ.ਐਮ. ਫਾਜ਼ਿਲਕਾ ਸ੍ਰੀ ਕੇਸ਼ਵ ਗੋਇਲ ਦੀ ਅਗਵਾਈ ਹੇਠ ਕਰੋਨਾ ਮੁਕਤ ਪਿੰਡ ਮੁਹਿੰਮ ਤਹਿਤ ਪਿੰਡਾਂ ਵਿਖੇ ਕੋਵਿਡ ਖਿਲਾਫ ਲੋਕਾਂ ਨੂੰ ਸਾਵਧਾਨੀਆਂ ਦੀ ਪਾਲਣਾ ਕਰਨ ਹਿੱਤ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿਚ ਕਰੋਨਾ ਦੇ ਵੱਧ ਰਹੇ ਰਹੇ ਕੇਸਾਂ ਦੀ ਚੇਨ ਨੂੰ ਤੋੜਨ ਲਈ ਕੈਪਟਨ ਅਮਰਿੰਦਰ ਸਿੰਘ ਵਾਲੀ ਸੂਬਾ ਸਰਕਾਰ ਵੱਲੋਂ ਪਿਛਲੇ ਦਿਨੀ ਕਰੋਨਾ ਮੁਕਤ ਪਿੰਡ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸੀ ਜਿਸ ਤਹਿਤ ਹੁਣ ਜ਼ਿਲੇ੍ਹ ਦੇ ਪਿੰਡਾਂ ਵਿਚ ਕਰੋਨਾ ਮਹਾਂਮਾਰੀ ਖਿਲਾਫ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।
ਐਸ.ਡੀ.ਐਮ. ਸ੍ਰੀ ਗੋਇਲ ਨੇ ਕਿਹਾ ਕਿ ਦੇਖਣ ਨੂੰ ਆ ਰਿਹਾ ਹੈ ਕਿ ਪਿੰਡਾਂ ਵਿਚ ਕਰੋਨਾ ਦੇ ਕੇਸ ਕਾਫੀ ਵੱਧ ਰਹੇ ਹਨ। ਇਸ ਲਈ ਪਿੰਡਾਂ ਵਿਚ ਵੱਧ ਰਹੇ ਕੇਸਾਂ `ਤੇ ਕੰਟਰੋਲ ਕਰਨ ਲਈ ਲੋਕਾਂ ਅੰਦਰ ਜਾਗਰੂਕਤਾ ਲਿਆਉਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਜਾਗਰੂਕਤਾ ਲਿਆਉਂਦੇ ਹੋਏ ਅਧਿਕਾਰੀਆਂ ਵੱਲੋਂ ਪਿੰਡਾਂ ਵਿਚ ਪਹੁੰਚ ਕਰਦੇ ਹੋਏ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਬਿਨਾ ਕੰਮ ਤੋਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਭੀੜ ਨਾ ਕੀਤੀ ਜਾਵੇ ਅਤੇ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਅੱਜ ਪਿੰਡ ਬੇਗਾਂ ਵਾਲੀ ਦੇ ਸਰਕਾਰੀ ਸਕੂਲ ਵਿਖੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਣ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਜਰਾਣਾ, ਮੌਜਮ, ਝੋਟਿਆਂ ਵਾਲੀ, ਚੁਵਾੜਿਆਂ ਵਾਲੀ ਪਿੰਡਾਂ ਵਿਖੇ ਸੈਂਪਲਿੰਗ ਲਈ ਵਿਸ਼ੇਸ਼ ਕੈਂਪ ਲਗਾਏ ਗਏ।
ਉਨ੍ਹਾਂ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਖਾਂਸੀ, ਬੁਖਾਰ, ਜੁਕਾਮ ਆਦਿ ਲੱਛਣ ਨਜਰ ਆਉਂਦੇ ਹਨ ਜਾਂ ਕਿਸੇ ਪਾਜੀਟਿਵ ਵਿਅਕਤੀ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀ ਨੂੰ ਆਪਣਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਤਾਂ ਜ਼ੋ ਹੋਰ ਵਿਅਕਤੀ ਇਸ ਮਹਾਂਮਾਰੀ ਦੀ ਚਪੇਟ ਵਿਚ ਨਾ ਆ ਸਕਣ। ਉਨ੍ਹਾਂ ਕਿਹਾ ਕਿ ਟੈਸਟ ਕਰਵਾਉਣ ਤੋਂ ਲੈ ਕੇ ਨਤੀਜਾ ਆਉਣ ਤੱਕ ਵਿਅਕਤੀਆਂ ਨੂੰ ਆਪਣੇ ਆਪ ਨੂੰ ਏਕਾਂਤਵਾਸ ਵਿਚ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਬਚਣ ਲਈ ਮਾਸਕ ਦੀ ਵਰਤੋਂ, ਸਮਾਜਿਕ ਦੂਰੀ, ਹੱਥਾਂ ਨੂੰ ਵਾਰ-ਵਾਰ ਧੋਤਾ ਜਾਵੇ ਅਤੇ ਪੜਾਅ ਵਾਰ ਯੋਗ ਵਿਅਕਤੀ ਨੂੰ ਵੈਕਸੀਨੇਸ਼ਨ ਲਗਵਾਉਣੀ ਚਾਹੀਦੀ ਹੈ।

Spread the love