ਸਰਕਾਰੀ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪੁੱਜਦਾ ਕਰਨ ਲਈ ਬੈਂਕ ਕਰਨ ਸਹਿਯੋਗ : ਏ.ਡੀ.ਸੀ.

ਕਰਜ਼ੇ ਪ੍ਰਦਾਨ ਕਰਨ ਸਮੇਤ ਬੈਂਕਿੰਗ ਸੇਵਾਵਾਂ ਦੇ ਮਿਥੇ ਟੀਚੇ ਪੂਰੇ ਕਰਨ ਲਈ ਹਦਾਇਤਾਂ
ਪਟਿਆਲਾ, 29 ਅਪ੍ਰੈਲ:
ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਜ਼ਿਲ੍ਹੇ ਦੇ ਸਮੂਹ ਬੈਂਕਾਂ ਦੇ ਨੁਮਾਇੰਦਿਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪੁੱਜਦਾ ਕਰਨ ਲਈ ਸਹਿਯੋਗ ਕਰਨ ਲਈ ਕਿਹਾ ਹੈ। ਇਥੇ ਅੱਜ ਲੀਡ ਬੈਂਕ ਵੱਲੋਂ ਜ਼ਿਲ੍ਹੇ ਦੇ ਬੈਂਕਾਂ ਦੀ ਕਰਵਾਈ ਗਈ ਵਰਚੂਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ. ਪ੍ਰੀਤੀ ਯਾਦਵ ਨੇ ਬੈਂਕਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀਆਂ ਬੈਂਕਾਂ ‘ਚ ਲੋਕਾਂ ਅਤੇ ਖਾਸ ਕਰਕੇ ਕਮਜ਼ੋਰ ਵਰਗਾਂ ਅਤੇ ਵਪਾਰੀਆਂ ਨਾਲ ਸਬੰਧਤ ਲੰਬਿਤ ਚਲੇ ਆ ਰਹੇ ਕਰਜ਼ਿਆਂ ਦੇ ਮਾਮਲਿਆਂ ਦਾ ਤੁਰੰਤ ਨਿਪਟਾਰਾ ਕਰਨ ਅਤੇ ਆਪਣੇ ਮਿਥੇ ਟੀਚੇ ਪੂਰੇ ਕਰਨ।
ਮੀਟਿੰਗ ਦੌਰਾਨ ਡਾ. ਪ੍ਰੀਤੀ ਯਾਦਵ ਨੇ ਬੈਂਕਾਂ ਸਮੇਤ ਕਰੰਸੀ ਚੈਸਟ, ਏ.ਟੀ.ਐਮਜ ਅਤੇ ਨਗਦੀ ਵਾਲੇ ਵਾਹਨਾਂ ਦੀ ਸੁਰੱਖਿਆ ਲਈ ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਸਖ਼ਤੀ ਨਾਲ ਕਰਨ ਦੀਆਂ ਹਦਾਇਤਾਂ ਵੀ ਕੀਤੀਆਂ। ਇਸ ਮੌਕੇ ਉਨ੍ਹਾਂ ਬੈਂਕਾਂ ਨੂੰ ਜਿਨ੍ਹਾਂ ਦਾ ਸੀ.ਡੀ. ਅਨੁਪਾਤ ਸਹੀ ਨਹੀਂ ਹੈ ਆਪਣਾ ਸੀ.ਡੀ. ਅਨੁਪਾਤ ਸਹੀ ਕਰਨ ਲਈ ਕਿਹਾ ਅਤੇ ਵੱਖ-ਵੱਖ ਸਕੀਮਾਂ ਦਾ ਜਾਇਜ਼ਾ ਲੈਂਦਿਆਂ ਸਮੂਹ ਬੈਂਕਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਖਪਤਕਾਰਾਂ ਨੂੰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਸਮੇਂ ਸੰਵੇਦਨਸ਼ੀਲ ਰਵੱਈਆ ਅਪਨਾਉਣ।
ਲੀਡ ਬੈਂਕ ਐਸ.ਬੀ.ਆਈ. ਤੋਂ ਜ਼ਿਲ੍ਹਾ ਮੈਨੇਜਰ ਸ੍ਰੀ ਪ੍ਰਿਤਪਾਲ ਸਿੰਘ ਆਨੰਦ ਨੇ ਵਰਚੂਅਲ ਮੀਟਿੰਗ ਦੀ ਕਾਰਵਾਈ ਚਲਾਈ। ਮੀਟਿੰਗ ‘ਚ ਡੀ.ਐਸ.ਪੀ. ਸ. ਪੁਨੀਤ ਸਿੰਘ ਚਾਹਲ, ਐਸ.ਐਸ ਸਹੋਤਾ, ਪਰਵਿੰਦਰ ਨਾਗਰਾ, ਅੰਗਦ ਸੋਹੀ, ਰਾਜੀਵ ਸਰਹਿੰਦੀ ਸਮੇਤ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਦੇ ਨੁਮਾਇੰਦਿਆਂ ਨੇ  ਵਰਚੂਅਲ ਮੀਟਿੰਗ ‘ਚ ਹਿੱਸਾ ਲਿਆ।

Spread the love