ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਪੋਸਟਰ ਮੁਕਾਬਲੇ 26 ਮਈ ਤੋਂ

ਪਟਿਆਲਾ 25 ਮਈ 2021
ਸਕੂਲ ਸਿੱਖਿਆ ਵਿਭਾਗ ਵੱਲੋਂ ਪੜ੍ਹਾਉਣ ਸਬੰਧੀ ਆਧੁਨਿਕ ਤਕਨੀਕਾਂ ਦਾ ਇਸਤੇਮਾਲ ਕਰਦਿਆਂ ਹਰ ਵਿਸ਼ੇ ਦੀ ਪੜ੍ਹਾਈ ਨੂੰ ਸਰਲ ਅਤੇ ਰੋਚਿਕ ਬਣਾਉਣ ਹਿਤ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਮੂਹ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਸਮਾਜਿਕ ਸਿੱਖਿਆ ਵਿਸ਼ੇ ਦੇ ਆਨਲਾਈਨ ਪੋਸਟਰ ਮੁਕਾਬਲੇ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਮੁਕਾਬਲੇ ਭਲਕੇ 26 ਮਈ ਤੋਂ 29 ਮਈ ਤੱਕ ਕਰਵਾਏ ਜਾਣਗੇ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਹਰਿੰਦਰ ਕੌਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਰੱਟੇ ਦੀ ਬਜਾਏ ਸਮਝ ਆਧਾਰਿਤ ਬਣਾਉਣ ਲਈ ਪੜ੍ਹਾਉਣ ਦੀਆਂ ਨਵੀਆਂ ਤਕਨੀਕਾਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ। ਜਿਨ੍ਹਾਂ ਸਦਕਾ ਵੱਖ-ਵੱਖ ਵਿਸ਼ਿਆਂ ਨੂੰ ਗਤੀਵਿਧੀ ਆਧਾਰਿਤ ਪੜਾਉਣ ਤਕਨੀਕਾਂ ਨਾਲ ਵਿਦਿਆਰਥੀਆਂ ਦੀ ਵਿਸ਼ੇ ਪ੍ਰਤੀ ਰੁਚੀ ‘ਚ ਲਾਜ਼ਮੀ ਤੌਰ ‘ਤੇ ਇਜ਼ਾਫਾ ਹੁੰਦਾ ਹੈ। ਇਸੇ ਮਨੋਰਥ ਤਹਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮਾਜਿਕ ਸਿੱਖਿਆ ਵਿਸ਼ੇ ਦੇ ਸੰਕਲਪਾਂ ਬਾਰੇ ਜਾਣਕਾਰੀ ਦੇਣ ਲਈ ਵਿਭਾਗ ਵੱਲੋਂ ਆਨਲਾਈਨ ਪੋਸਟਰ ਮੁਕਾਬਲੇ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਚਾਰ ਰੋਜ਼ਾ ਆਨਲਾਈਨ ਪੋਸਟਰ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਵੱਲੋਂ ਸਬੰਧਤ ਵਿਸ਼ੇ ਦੇ ਅਧਿਆਪਕਾਂ ਦੀ ਅਗਵਾਈ ਹੇਠ ਦਿੱਤੇ ਹੋਏ ਵਿਸ਼ਿਆਂ ਬਾਰੇ ਪੋਸਟਰ ਬਣਾਏ ਜਾਣਗੇ। ਸਕੂਲ ਪੱਧਰ ‘ਤੇ ਵਿਦਿਆਰਥੀਆਂ ਵੱਲੋਂ ਆਨਲਾਈਨ ਤਰੀਕੇ ਭੇਜੇ ਜਾਣ ਵਾਲੇ ਪੋਸਟਰਾਂ ਵਿੱਚੋਂ ਪਹਿਲੇ ਤਿੰਨ ਸਥਾਨਾਂ ‘ਤੇ ਰਹਿਣ ਵਾਲੇ ਵਧੀਆ ਪੋਸਟਰਾਂ ਦੀ ਚੋਣ ਕਰਕੇ ਸਕੂਲ ਮੁਖੀਆਂ ਵੱਲੋਂ ਵਿਦਿਆਰਥੀਆਂ ਨੂੰ ਈ-ਸਰਟੀਫਿਕੇਟ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। ਹਰ ਸਕੂਲ ਵੱਲੋਂ ਪਹਿਲੇ ਸਥਾਨ ‘ਤੇ ਰਹਿਣ ਵਾਲਾ ਪੋਸਟਰ ਸੰਬੰਧਿਤ ਬਲਾਕ ਮੈਂਟਰ ਨੂੰ ਭੇਜਿਆ ਜਾਵੇਗਾ ਅਤੇ ਬਲਾਕ ਮੈਂਟਰ ਵੱਲੋਂ ਬਲਾਕ ਦੇ ਸਕੂਲਾਂ ਦੇ ਪੋਸਟਰਾਂ ਵਿੱਚੋਂ ਚੋਣ ਕਰਕੇ ਦਸ ਵਧੀਆ ਪੋਸਟਰ ਜ਼ਿਲ੍ਹਾ ਮੈਂਟਰ ਨੂੰ ਭੇਜੇ ਜਾਣਗੇ। ਜ਼ਿਲ੍ਹਾ ਮੈਂਟਰ ਵੱਲੋਂ ਜ਼ਿਲ੍ਹੇ ਦੇ ਪੰਜ ਸਰਵੋਤਮ ਪੋਸਟਰ ਸਟੇਟ ਨਾਲ ਸਾਂਝੇ ਕੀਤੇ ਜਾਣਗੇ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸੁਖਵਿੰਦਰ ਖੋਸਲਾ ਨੇ ਦੱਸਿਆ ਕਿ ਸਮਾਜਿਕ ਸਿੱਖਿਆ ਵਿਸ਼ੇ ਦੇ ਆਨਲਾਈਨ ਪੋਸਟਰ ਮੁਕਾਬਲਿਆਂ ਦੇ ਜਮਾਤ ਵਾਰ ਵਿਸ਼ੇ, ਸਮਾਜਿਕ ਸਿੱਖਿਆ ਦੇ ਜ਼ਿਲ੍ਹਾ ਅਤੇ ਬਲਾਕ ਮੈਂਟਰਾਂ ਰਾਹੀਂ ਸਮੂਹ ਸਕੂਲਾਂ ਤੱਕ ਪਹੁੰਚਾ ਦਿੱਤੇ ਗਏ ਹਨ। ਉਨ੍ਹਾਂ ਸਮੂਹ ਸਕੂਲ ਮੁਖੀਆਂ ਅਤੇ ਸੰਬੰਧਿਤ ਵਿਸ਼ਾ ਅਧਿਆਪਕਾਂ ਨੂੰ ਇਹਨਾਂ ਮੁਕਾਬਲਿਆਂ ‘ਚ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਕਿਹਾ ਉਨ੍ਹਾਂ ਕਿਹਾ ਕਿ ਵਿਭਾਗੀ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਵੱਲੋਂ ਦਿੱਤੇ ਹੋਏ ਵਿਸ਼ਿਆਂ ‘ਤੇ ਹੀ ਪੋਸਟਰ ਬਣਾਇਆ ਜਾਵੇਗਾ ਅਤੇ ਪੋਸਟਰ ਬਣਾਉਣ ਲਈ ਵਿਦਿਆਰਥੀ ਸਾਧਾਰਨ ਚਾਰਟ ਸ਼ੀਟ ਦਾ ਇਸਤੇਮਾਲ ਕਰ ਸਕਣਗੇ। ਚਾਰਟ ਬਣਾਉਣ ਨਾਲ ਵਿਦਿਆਰਥੀਆਂ ਦੀ ਵਿਸ਼ੇ ਪ੍ਰਤੀ ਸਮਝ ਵਧੇਗੀ ਅਤੇ ਉਹ ਵਿਸ਼ੇ ਦੇ ਸੰਕਲਪ ਆਸਾਨੀ ਨਾਲ ਸਮਝਣ ਦੇ ਸਮਰੱਥ ਹੋਣਗੇ।

Spread the love