ਪਟਿਆਲਾ 20 ਮਈ, 2021:
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰੋਨਾ ਸੰਕਟ ਦੇ ਬਾਵਜੂਦ ਵੀ ਆਪਣੀਆਂ ਵਿੱਦਿਅਕ ਗਤੀਵਿਧੀਆਂ ਨਿਰੰਤਰ ਜਾਰੀ ਰੱਖੀਆਂ ਹੋਈਆਂ ਹਨ। ਜਿਸ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਹਰਿੰਦਰ ਕੌਰ ਦੀ ਅਗਵਾਈ ‘ਚ ਅੱਜ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਦੀ ਅੰਗਰੇਜ਼ੀ ਵਿਸ਼ੇ ਨਾਲ ਸਬੰਧਤ ਆਨਲਾਈਨ ਪ੍ਰਤੀਯੋਗਤਾ ਸ਼ੋਅ ਐਂਡ ਟੈੱਲ (ਦੇਖੋ ਤੇ ਦੱਸੋ) ਕਰਵਾਈ ਗਈ। ਜਿਸ ਵਿੱਚ ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ।
ਡੀ.ਈ.ਓ. ਹਰਿੰਦਰ ਕੌਰ ਨੇ ਵੱਖ-ਵੱਖ ਸਕੂਲਾਂ ਦੇ ਮੁਕਾਬਲਿਆਂ ‘ਚ ਸ਼ਿਰਕਤ ਕਰਕੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਹੱਲਾਸ਼ੇਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਸਕੂਲੀ ਵਿਦਿਆਰਥੀਆਂ ਦੇ ਅੰਗਰੇਜ਼ੀ ਵਿਸ਼ੇ ਨਾਲ ਸਬੰਧਤ ਕੌਸ਼ਲਾਂ ਨੂੰ ਵਿਕਸਿਤ ਕਰਨ ਲਈ ਉਕਤ ਪ੍ਰਤੀਯੋਗਤਾ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਹਰੇਕ ਸਕੂਲ ਦੀ ਹਰੇਕ ਜਮਾਤ ‘ਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਦਾ ਵੇਰਵਾ ਬਲਾਕ ਮੈਂਟਰ ਨੂੰ ਭੇਜਿਆ ਜਾਵੇਗਾ।
ਇਸ ਪ੍ਰਤੀਯੋਗਤਾ ਦਾ ਸੰਚਾਲਨ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ‘ਚ ਸ਼ਾਮਲ ਬਲਾਕ ਮੈਂਟਰਜ਼ ਦੀ ਦੇਖ-ਰੇਖ ‘ਚ ਸਕੂਲਾਂ ਦੇ ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾਂ ਵੱਲੋਂ ਕੀਤਾ ਗਿਆ।ਅੰਗਰੇਜ਼ੀ ਵਿਸ਼ੇ ਦੇ ਜ਼ਿਲ੍ਹਾ ਮੈਂਟਰ ਦੀਪਕ ਵਰਮਾ ਨੇ ਦੱਸਿਆ ਕਿ ਭਲਕੇ 21 ਮਈ ਨੂੰ ਸੱਤਵੀਂ, 22 ਮਈ ਨੂੰ ਅੱਠਵੀਂ, 24 ਮਈ ਨੂੰ ਨੌਵੀਂ ਤੇ ਗਿਆਰਵੀਂ ਤੇ 25 ਮਈ ਨੂੰ ਦਸਵੀਂ ਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਉਕਤ ਆਨਲਾਈਨ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਜਾਵੇਗਾ।