ਸਰਕਾਰੀ ਸਹਾਇਤਾ ਪ੍ਰਾਪਤ ਤੇ ਨਿੱਜੀ ਸਕੂਲ ਵੀ ਆਏ ਨੈਸ਼ਨਲ ਅਚੀਵਮੈਂਟ ਸਰਵੇ ਦੇ ਦਾਇਰੇ ‘ਚ

ਸਿੱਖਿਆ ਵਿਭਾਗ ਵੱਲੋਂ ਦਿੱਤੀ ਜਾ ਰਹੀ ਹੈ ਨੈਸ ਸਬੰਧੀ ਸਿਖਲਾਈ
ਪਟਿਆਲਾ 1 ਅਗਸਤ 2021
ਭਾਰਤ ਸਰਕਾਰ ਵੱਲੋਂ ਦੇਸ਼ ਭਰ ਦੇ ਸਰਕਾਰੀ ਸਕੂਲਾਂ ਦੀ ਵਿੱਦਿਅਕ ਗੁਣਵੱਤਾ ਤੇ ਪ੍ਰਣਾਲੀ ਦੇ ਮੁਲਾਂਕਣ ਲਈ ਨਵੰਬਰ ਮਹੀਨੇ ‘ਚ ਕੀਤੇ ਜਾਣ ਵਾਲੇ ਵੱਖ-ਵੱਖ ਰਾਜਾਂ ਦੇ ਨੈਸ਼ਨਲ ਅਚੀਵਮੈਂਟ ਸਰਵੇ (ਨੈਸ) ਲਈ ਇਸ ਵਾਰ ਸਰਕਾਰੀ ਸਹਾਇਤਾ ਪ੍ਰਾਪਤ ਤੇ ਨਿੱਜੀ ਸਕੂਲਾਂ ਨੂੰ ਵੀ ਲਿਆਂਦ ਹੈ। ਜਿਸ ਤਹਿਤ ਨੈਸ ਦੀ ਤਿਆਰੀ ਲੈਣ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਹਾਇਤਾ ਪ੍ਰਾਪਤ ਤੇ ਨਿੱਜੀ ਸਕੂਲਾਂ ਦੇ ਮੁਖੀਆਂ ਨੂੰ ਸਿਖਲਾਈ ਦੇਣ ਲਈ ਵਰਕਸ਼ਾਪਾਂ ਲਗਾਈਆਂ ਗਈਆਂ ਹਨ।
ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹਰਿੰਦਰ ਕੌਰ ਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਖਵਿੰਦਰ ਖੋਸਲਾ ਦੀ ਦੇਖ-ਰੇਖ ‘ਚ ਜਿਲ੍ਹੇ ਦੇ ਨਿੱਜੀ ਸਕੂਲਾਂ ਦੇ ਮੁਖੀਆਂ ਨੂੰ ਵੀ ਸਿਖਲਾਈ ਦੇਣ ਦੀ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ 681 ਨਿੱਜੀ ਸਕੂਲ ਮੁਖੀਆਂ ਨੂੰ ਨੈਸ ਸਬੰਧੀ ਸਿਖਲਾਈ ਦਿੱਤੀ ਗਈ। ਇਸ ਸਿਖਲਾਈ ਲਈ 11 ਵੱਖ-ਵੱਖ ਕੇਂਦਰਾਂ ‘ਚ ਸਿੱਖਿਆ ਵਿਭਾਗ ਦੇ ਮਾਹਿਰਾਂ ਨੇ ਨੈਸ ਦੇ ਵੱਖ-ਵੱਖ ਪਹਿਲੂਆਂ ਬਾਰੇ ਚਾਨਣਾ ਪਾਇਆ ਤੇ ਇਸ ਸਬੰਧੀ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦਾ ਹੋਕਾ ਦਿੱਤਾ। ਇਨ੍ਹਾਂ ਸਿਖਲਾਈ ਵਰਕਸ਼ਾਪਾਂ ਦੌਰਾਨ ਸਿੱਖਿਆ ਵਿਭਾਗ ਦੇ ਵੱਖ-ਵੱਖ ਵਿਸ਼ਿਆਂ ਦੇ ਜਿਲ੍ਹਾ ਤੇ ਬਲਾਕ ਮੈਂਟਰਾਂ ਨੇ ਨੈਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸੇ ਤਰ੍ਹਾਂ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਤੇ ਉਪ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਮਨਵਿੰਦਰ ਕੌਰ ਭੁੱਲਰ ਦੀ ਦੇਖ-ਰੇਖ ‘ਚ ਜਿਲ੍ਹੇ ਦੇ 23 ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਪ੍ਰਿੰਸੀਪਲਾਂ/ਮੁੱਖ ਅਧਿਆਪਕਾਂ ਦੀ ਸਿਖਲਾਈ ਲਈ ਬਲਾਕ ਸਿੱਖਿਆ ਦਫਤਰ ਪਟਿਆਲਾ-2 ਦੇ ਬਲਾਕ ਰਿਸੋਰਸ ਸੈਂਟਰ ਵਿਖੇ ਨੈਸ ਸਬੰਧੀ ਸਿਖਲਾਈ ਦਿੱਤੀ ਗਈ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪ੍ਰਿਥੀ ਸਿੰਘ, ਪੜ੍ਹੋ ਪੰਜਾਬ ਪੜਾਓ ਪੰਜਾਬ ਦੇ ਜਿਲ੍ਹਾ ਕੋਆਰਡੀਨੇਟਰ ਰਾਜਵੰਤ ਸਿੰਘ, ਸਹਾਇਕ ਕੋਆਰਡੀਨੇਟਰ ਡਾ. ਨਰਿੰਦਰ ਸਿੰਘ ਤੇ ਤਲਵਿੰਦਰ ਸਿੰਘ ਨੇ ਵੀ ਨੈਸ ਦੇ ਵੱਖ-ਵੱਖ ਪਹਿਲੂਆਂ ‘ਤੇ ਚਾਨਣਾ ਪਾਇਆ।
ਡੀ.ਈ.ਓ. (ਐਲੀ.) ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਹਰੇਕ ਰਾਜ ਦੀ ਸਿੱਖਿਆ ਦੇ ਮੁਲਾਂਕਣ ਲਈ ਉਸ ਦੇ ਸਮੁੱਚੇ ਸਕੂਲਾਂ ਦਾ ਸਰਵੇਖਣ ਕੀਤਾ ਜਾਵੇਗਾ। ਜਿਸ ਦੇ ਅਧਾਰ ‘ਤੇ ਦੇਸ਼ ਦੇ ਸਾਰੇ ਰਾਜਾਂ ਦੀ ਸਿੱਖਿਆ ਪ੍ਰਣਾਲੀ ਦੀ ਅੰਕਾਂ ਰਾਹੀਂ ਦਰਜਾਬੰਦੀ ਕੀਤੀ ਜਾਵੇਗੀ। ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਪ੍ਰਾਇਮਰੀ ਵਿੰਗ ਦੇ ਅਧਿਆਪਕਾਂ ਨੂੰ ਨੈਸ ਸਬੰਧੀ ਸਿਖਲਾਈ ਦਿੱਤੀ ਜਾਵੇਗੀ।
ਤਸਵੀਰ:- ਡਿਪਟੀ ਡੀ.ਈ.ਓ. (ਸੈ.ਸਿੱ.) ਸੁਖਵਿੰਦਰ ਖੋਸਲਾ ਨਿੱਜੀ ਸਕੂਲ ਮੁਖੀਆਂ ਨੂੰ ਨੈਸ ਸਬੰਧੀ ਸਿਖਲਾਈ ਦਿੰਦੇ ਹੋਏ।

Spread the love