ਵਿਦਿਆਰਥੀਆਂ ਨੂੰ ਸਵੈ-ਨਿਰਭਰ ਬਣਾਉਣ ਲਈ ਕਰਵਾਏ ਜਾ ਰਹੇ ਹਨ ਚਾਰ ਸਾਲਾ ਕਿੱਤਾ ਮੁਖੀ ਕੋਰਸ
ਤਰਨ ਤਾਰਨ, 11 ਅਪ੍ਰੈਲ :
ਅੱਜ ਬਦਲਦੇ ਜ਼ਮਾਨੇ ਵਿੱਚ ਆਪਣੇ ਬੱਚਿਆਂ ਨੂੰ ਉੱਚ ਵਿੱਦਿਆ ਦੇਣਾ ਹਰ ਇੱਕ ਮਾਤਾ ਪਿਤਾ ਦਾ ਸੁਫ਼ਨਾ ਹੈ । ਆਪਣੇ ਬੱਚਿਆਂ ਨੂੰ ਬਿਹਤਰੀਨ ਤਾਲੀਮ ਦੇਣ ਦੀ ਖਾਤਿਰ ਮਾਤਾ ਪਿਤਾ ਸਹਿਬਾਨ ਦਿਨ ਰਾਤ ਖ਼ੁਦ ਮਿਹਨਤ ਕਰਦੇ ਹਨ ਤਾਂ ਜੋ ਉਹਨਾਂ ਦੇ ਬੱਚੇ ਚੰਗੀ ਵਿੱਦਿਆ ਹਾਸਲ ਕਰ ਸਕਣ ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਲੜਕੇ ) ਤਰਨ ਤਾਰਨ ਸ਼ਹਿਰ ਵਾਸੀਆਂ ਲਈ ਇੱਕ ਵਰਦਾਨ ਸਾਬਤ ਹੋ ਰਿਹਾ ਹੈ । ਸ਼ਹਿਰ ਦੇ ਅਤੇ ਆਸ ਪਾਸ ਦੇ ਪਿੰਡਾਂ ਦੇ ਬੱਚੇ ਇਥੇ ਵਿੱਦਿਆ ਹਾਸਲ ਕਰਨ ਲਈ ਆਉਂਦੇ ਹਨ । ਇਹ ਸਕੂਲ 1920 ਵਿੱਚ ਸ਼ੁਰੂ ਹੋ ਕੇ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ । ਆਰਟਸ, ਕਾਮਰਸ, ਸਾਇੰਸ ਅਤੇ ਵੋਕੇਸ਼ਨਲ ਸਟਰੀਮ ਵਿੱਚ ਬਿਹਤਰੀਨ ਸਿੱਖਿਆ ਦੇਣ ਵਾਲਾ ਇਹ ਸਕੂਲ ਆਪਣੀਆਂ ਖੂਬਸੂਰਤ ਪਾਰਕਾਂ, ਕੰਪਿਊਟਰ ਲੈਬ, ਵਿਗਿਆਨ ਪ੍ਰਯੋਗਸ਼ਾਲਾਵਾਂ ਅਤੇ ਸਾਹਿਤਕ ਵਿਸ਼ਿਆਂ ਨਾਲ ਭਰਭੂਰ ਸੁੰਦਰ ਲਾਇਬ੍ਰੇਰੀ ਕਰਕੇ ਜਾਣਿਆ ਜਾਂਦਾ ਹੈ । ਜਿਥੋਂ ਤੱਕ ਸਟਾਫ ਦੀ ਗੱਲ ਕੀਤੀ ਜਾਵੇ ਤਾਂ ਹਰੇਕ ਵਿਸ਼ੇ ਦੇ ਮਾਹਿਰ ਅਧਿਆਪਕਾਂ ਦੁਆਰਾ ਪੂਰੀ ਤਨਦੇਹੀ ਨਾਲ ਆਪਣੀ ਸੇਵਾ ਨਿਭਾਈ ਜਾ ਰਹੀ ਹੈ ।
ਵਿਦਿਆਰਥੀਆਂ ਨੂੰ ਸਵੈ-ਨਿਰਭਰ ਬਣਾਉਣ ਲਈ ਚਾਰ ਸਾਲਾ ਕਿੱਤਾ ਮੁਖੀ ਕੋਰਸ ਕਰਵਾਏ ਜਾਂਦੇ ਹਨ । ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਸਮੇਂ ਸਮੇਂ ‘ਤੇ ਉਹਨਾਂ ਦੇ ਕੈਰੀਅਰ ਪ੍ਰਤੀ ਜਾਗਰੂਕ ਕਰਨ ਲਈ ਸਕੂਲ ਵਿੱਚ ਕੈਰੀਅਰ ਕਾਉਂਸਿਲਿੰਗ ਅਤੇ ਗਾਈਡੇਂਸ ਸੈੱਲ ਵੱਲੋਂ ਵਿੱਦਿਅਕ ਮਾਹਿਰਾਂ ਦੁਆਰਾ ਸੈਮੀਨਾਰਾਂ ਦਾ ਆਯੋਜਨ ਕੀਤਾ ਜਾਂਦਾ ਹੈ ।
ਸਕੂਲ ਪ੍ਰਿੰਸੀਪਲ ਸ੍ਰ ਜਗਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਕੂਲ ਨੂੰ ਹਰ ਪੱਖ ਤੋਂ ਬਿਹਤਰੀਨ ਬਣਾਉਣ ਲਈ ਅਧਿਆਪਕ ਸਹਿਬਾਨ ਦੀ ਮਿਹਨਤੀ ਟੀਮ ਲਗਾਤਾਰ ਯਤਨਸ਼ੀਲ ਹੈ । ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਲਈ ਸਿੱਖਿਆ ਵਿਭਾਗ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ । ਆਨਲਾਈਨ ਪੜਾਈ ਦੇ ਨਾਲ ਨਾਲ ਪੰਜਾਬ ਐਜ਼ੂਕੇਅਰ ਐਪ ਵੀ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਈ ਹੈ ।
ਜ਼ਿਕਰਯੋਗ ਹੈ ਕਿ ਸਰਕਾਰੀ ਸਕੂਲਾਂ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਕੋਈ ਦਾਖਲਾ ਫੀਸ ਜਾਂ ਫੀਸ ਨਹੀਂ ਲਈ ਜਾਂਦੀ । ਪ੍ਰਿੰਟ ਮੀਡੀਆ ਕੋਆਰਡੀਨੇਟਰ ਦਿਨੇਸ਼ ਕੁਮਾਰ ਨਾਲ ਗੱਲਬਾਤ ਕਰਦਿਆਂ ਸ੍ਰ ਜਗਵਿੰਦਰ ਸਿੰਘ ਨੇ ਕਿਹਾ ਕਿ ਸਾਡਾ ਉਦੇਸ਼ ਵਿਦਿਆਰਥੀਆਂ ਨੂੰ ਉਹਨਾਂ ਦੇ ਬਿਹਤਰੀਨ ਭਵਿੱਖ ਲਈ ਤਿਆਰ ਕਰਨਾ ਹੈ । ਉਹਨਾਂ ਡੋਰ ਟੋ ਡੋਰ ਮੁਹਿੰਮ ਤਹਿਤ ਸ਼ਹਿਰ ਦੇ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆ ਦੇਣ ਦੇ ਮਨੋਰਥ ਨਾਲ ਸਕੂਲਾਂ ਵਿੱਚ ਹਰ ਸਹੂਲਤ ਮੁਹਈਆ ਕਰਵਾਈ ਜਾ ਰਹੀ ਹੈ । ਅੰਗਰੇਜੀ ਅਤੇ ਪੰਜਾਬੀ ਦੋਵਾਂ ਮਾਧਿਅਮ ਵਿੱਚ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ ।
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਸਤਨਾਮ ਸਿੰਘ ਬਾਠ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਹਰਪਾਲ ਸਿੰਘ ਸੰਧਾਵਾਲੀਆ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਤਰਨ ਤਾਰਨ ਆਪਣੀ ਬਿਹਤਰੀਨ ਸਿੱਖਿਆ ਲਈ ਪੂਰੇ ਇਲਾਕੇ ਵਿੱਚ ਨਾਮਵਰ ਸੰਸਥਾਵਾਂ ਵਿਚੋਂ ਇੱਕ ਹੈ ਅਤੇ ਭਵਿੱਖ ਵਿੱਚ ਵੀ ਇੰਜ ਹੀ ਆਪਣੇ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਲਈ ਯਤਨਸ਼ੀਲ ਰਹੇਗੀ ।