ਬਰਨਾਲਾ, 20 ਫਰਵਰੀ 2024
ਸਿਵਲ ਵਿਭਾਗ ਬਰਨਾਲਾ ਵੱਲੋਂ ਸਰਵੀਕਲ ਕੈਂਸਰ ਖਿਲਾਫ਼ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਤਪਿੰਦਰਜੋਤ ਕੌਸ਼ਲ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਬਰਨਾਲਾ ਦੀ ਅਗਵਾਈ ਅਧੀਨ ਐਲ.ਬੀ.ਐਸ. ਕਾਲਜ ਬਰਨਾਲਾ ਵਿਖੇ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ।
ਇਸ ਮੌਕੇ ਡਾ. ਈਸ਼ਾ ਗੁਪਤਾ ਔਰਤ ਰੋਗਾਂ ਦੇ ਮਾਹਿਰ ਸਿਵਲ ਹਸਪਤਾਲ ਬਰਨਾਲਾ ਨੇ ਦੱਸਿਆ ਕਿ ਭਾਰਤ ‘ਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਭਾਵ ਸਰਵੀਕਲ ਕੈਂਸਰ ਦੂਜਾ ਸਭ ਤੋਂ ਆਮ ਕੈਂਸਰ ਹੈ। ਬੱਚੇਦਾਨੀ ਦੇ ਮੂੰਹ ਦਾ ਕੈਂਸਰ ਇੱਕ ਵਾਇਰਸ ਦੇ ਨਾਲ ਹੁੰਦਾ ਹੈ ਜਿਸ ਨੂੰ ਐੱਚ.ਪੀ.ਵੀ. (ਹਿਊਮਨ ਪੈਪੀਲੋਮਾ ਵਾਇਰਸ) ਕਿਹਾ ਜਾਂਦਾ ਹੈ। ਇਹ ਵਾਇਰਸ ਜਿਣਸੀ ਸਬੰਧ ਸਮੇਂ ਸਰੀਰ ‘ਚ ਦਾਖਲ ਹੁੰਦਾ ਹੈ ਅਤੇ ਆਮ ਤੌਰ ‘ਤੇ 30 ਤੋਂ 70 ਸਾਲ ਉਮਰ ਦੀਆਂ ਔਰਤਾਂ ‘ਚ ਇਸ ਦਾ ਖ਼ਤਰਾ ਬਣਿਆ ਰਹਿੰਦਾ ਹੈ|
ਡਾ. ਈਸ਼ਾ ਗੁਪਤਾ ਨੇ ਦੱਸਿਆ ਕਿ ਲੱਛਣਾਂ ‘ਚੋਂ ਸਭ ਤੋਂ ਗੰਭੀਰ ਲੱਛਣ ਬੱਚੇਦਾਨੀ ‘ਚ ਬਦਬੂਦਾਰ ਪਾਣੀ ਪੈਣਾ ਹੈ। ਮੀਨੋਪੌਜ਼ ਤੋਂ ਬਾਅਦ ਖੂਨ ਪੈਣਾ, ਮਾਹਵਾਰੀ ਤੋਂ ਬਾਅਦ ਇੱਕੋ ਮਹੀਨੇ ਵਿੱਚ ਵਧੇਰੇ ਵਾਰ ਖੂਨ ਪੈਣਾ, ਢਿੱਡ ਦੇ ਹੇਠਲੇ ਹਿੱਸੇ ‘ਚ ਦਰਦ ਤੇ ਪੇਸ਼ਾਬ ਨਾਲ ਸਬੰਧਤ ਕੋਈ ਸਮੱਸਿਆ ਹੋਣਾ ਵੀ ਇਸ ਦੇ ਲੱਛਣ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਲੱਛਣ ਨਜ਼ਰ ਆਉਣ ਤੋਂ ਪਹਿਲਾਂ ਵੀ ਪੈਪ ਸਮੀਅਰ ਟੈਸਟ ਰਾਹੀਂ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਇਸ ਸਬੰਧੀ ਇਲਾਜ ਲਈ ਵੈਕਸੀਨ ਵੀ ਭਾਰਤ ਵਿੱਚ ਉਪਲੱਬਧ ਹੈ। ਡਾ. ਜੋਤੀ ਕੌਸ਼ਲ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ਵਿਖੇ ਇਸ ਦੀ ਪਹਿਚਾਣ ਸਬੰਧੀ ਵਿਸ਼ੇਸ਼ ਜਾਂਚ ਕੈਂਪ ਲਗਾਏ ਗਏ।
ਸੈਮੀਨਾਰ ਦੌਰਾਨ ਮੈਡਮ ਨੀਲਮ ਸ਼ਰਮਾ ਪ੍ਰਿੰਸੀਪਲ ਐਲ.ਬੀ.ਐਸ. ਕਾਲਜ ਨੇ ਹਾਜ਼ਰੀਨ ਬੱਚਿਆਂ ਨਾਲ ਸਮਾਜਿਕ ਕਦਰਾਂ ਕੀਮਤਾਂ ਸਬੰਧੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ। ਇਸ ਮੌਕੇ ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ.ਕੋਆਰਡੀਨੇਟਰ ਅਤੇ ਕਾਲਜ ਸਟਾਫ ਹਾਜਰ ਸੀ।