ਸਰਹੱਦੀ ਬਲਾਕ ਸੁਰਸਿੰਘ ਦੇ ਪਿੰਡ ਫਰੰਦੀਪੁਰ ਵੱਲੋਂ 100 ਫ਼ੀਸਦੀ ਕੋਵਿਡ ਵੈਕਸੀਨੇਸ਼ਨ ਲਗਵਾ ਕੇ ਕਾਇਮ ਕੀਤੀ ਗਈ ਮਿਸਾਲ

ਪਿੰਡ ਦੇ ਸਰਪੰਚ ਸ੍ਰੀ ਬਲਜੀਤ ਸਿੰਘ ਨੇ ਸਿਹਤ ਵਿਭਾਗ ਦੀ ਟੀਮ ਦੇ ਕਦਮ ਨਾਲ ਕਦਮ ਮਿਲਾ ਕੇ ਪਿੰਡ ਦੇ ਲੋਕਾਂ ਦਾ ਟੀਕਾਕਰਨ ਪ੍ਰਤੀ ਵਧਾਇਆ ਉਤਸ਼ਾਹ
ਤਰਨ ਤਾਰਨ, 05 ਜੁਲਾਈ 2021
ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਕੁਲਵੰਤ ਸਿੰਘ ਅਤੇ ਸਿਵਲ ਸਰਜਨ ਤਰਨਤਾਰਨ ਡਾ. ਰੋਹਿਤ ਮਹਿਤਾ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਸੁਰਸਿੰਘ ਡਾ. ਸਤਨਾਮ ਸਿੰਘ ਦੀ ਯੋਗ ਅਗਵਾਈ ਹੇਠ ਸਰਹੱਦੀ ਬਲਾਕ ਸੁਰਸਿੰਘ ਦੇ ਪਿੰਡ ਫਰੰਦੀਪੁਰ ਵੱਲੋਂ 100 ਫ਼ੀਸਦੀ ਕੋਵਿਡ ਵੈਕਸੀਨੇਸ਼ਨ ਲਗਵਾ ਕੇ ਮਿਸਾਲ ਕਾਇਮ ਕੀਤੀ ਹੈ। ਪਿੰਡ ਫਰੰਦੀਪੁਰ ਬਲਾਕ ਦਾ ਪਹਿਲਾ ਅਜਿਹਾ ਪਿੰਡ ਬਣਿਆ ਹੈ, ਜਿੱਥੇ ਕਿ 18 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਦਾ ਸਿਹਤ ਵਿਭਾਗ ਵੱਲੋਂ ਟੀਕਾਕਰਨ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਸਤਨਾਮ ਸਿੰਘ ਨੇ ਦੱਸਿਆ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਬਲਾਕ ਸੁਰਸਿੰਘ ਦਾ ਪਿੰਡ ਫਰੰਦੀਪੁਰ ਦੀ ਗ੍ਰਾਮ ਪੰਚਾਇਤ ਵੱਲੋਂ ਸਿਹਤ ਵਿਭਾਗ ਦਾ ਵਧ ਚੜ੍ਹ ਕੇ ਸਹਿਯੋਗ ਕੀਤਾ ਗਿਆ, ਜਿਸ ਸਦਕਾ ਵਿਭਾਗ ਵੱਲੋਂ ਮਿਥਿਆ ਹੋਇਆ ਟੀਚਾ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪਿੰਡ ਦੇ ਵਿਚ ਦੋ ਟੀਮਾਂ ਤਿਆਰ ਕੀਤੀਆਂ ਗਈਆਂ, ਜਿਨ੍ਹਾਂ ਵੱਲੋਂ ਲਗਾਤਾਰ ਇਕ ਹਫ਼ਤਾ ਪਿੰਡ ਦੇ ਵਿੱਚ ਟੀਕਾਕਰਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿੰਡ ਦੇ ਸਰਪੰਚ ਸ੍ਰੀ ਬਲਜੀਤ ਸਿੰਘ ਵੱਲੋਂ ਵੀ ਸਿਹਤ ਵਿਭਾਗ ਦੀ ਟੀਮ ਨਾਲ ਕਦਮ ਨਾਲ ਕਦਮ ਮਿਲਾ ਕੇ ਪਿੰਡ ਦੇ ਲੋਕਾਂ ਦਾ ਟੀਕਾਕਰਨ ਪ੍ਰਤੀ ਉਤਸ਼ਾਹ ਵਧਾਇਆ ਅਤੇ ਉਨ੍ਹਾਂ ਨੇ ਵਿਭਾਗ ਦੇ ਇਸ ਉਪਰਾਲੇ ਲਈ ਧੰਨਵਾਦ ਵੀ ਕੀਤਾ।
ਪਿੰਡ ਫਰੰਦੀਪੁਰ ਵਿਖੇ ਟੀਕਾਕਰਨ ਮੁਹਿੰਮ ਦੀ ਸੁਪਰਵੀਜ਼ਨ ਐੱਸ. ਐੱਮ. ਓ. ਡਾ. ਸਤਨਾਮ ਸਿੰਘ ਵੱਲੋਂ ਖੁਦ ਕੀਤੀ ਗਈ ਅਤੇ ਸਿਹਤ ਵਿਭਾਗ ਦੀ ਟੀਮ ਜਿਸ ਵਿਚ ਬੀ ਈ ਈ ਨਵੀਨ ਕਾਲੀਆ, ਸੈਨੇਟਰੀ ਇੰਸਪੈਕਟਰ ਸ੍ਰੀ ਲਖਵਿੰਦਰ ਸਿੰਘ, ਸ੍ਰੀ ਸਲਵਿੰਦਰ ਸਿੰਘ, ਸ੍ਰੀ ਤੇਜਬੀਰ ਸਿੰਘ, ਸ੍ਰੀ ਬਲਜਿੰਦਰ ਸਿੰਘ, ਸ੍ਰੀ ਬਖਤਾਵਰ ਸਿੰਘ, ਸ੍ਰੀ ਤਜਿੰਦਰ ਸਿੰਘ, ਸ੍ਰੀ ਕੁਲਦੀਪ ਸਿੰਘ, ਸ੍ਰੀ ਤਰਸੇਮ ਸਿੰਘ ਸ੍ਰੀ ਪ੍ਰੋਮੀ ਮਹਿਤਾ, ਸ੍ਰੀਮਤੀ ਸੁਖਜਿੰਦਰ ਕੌਰ, ਸ੍ਰੀਮਤੀ ਲਵਦੀਪ ਕੌਰ ਅਤੇ ਆਸ਼ਾ ਵਰਕਰ ਸ਼੍ਰੀਮਤੀ ਚਰਨਜੀਤ ਕੌਰ ਵੱਲੋਂ ਪਿੰਡ ਫਰੰਦੀਪੁਰ ਵਿਖੇ ਟੀਕਾਕਰਨ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਗਿਆ।
ਡਾ. ਸਤਨਾਮ ਨੇ ਕਿਹਾ ਕਿ ਅਜਿਹੇ ਸਹਿਯੋਗ ਜੇਕਰ ਬਾਕੀ ਪਿੰਡਾਂ ਵੱਲੋਂ ਵੀ ਵਧ ਚੜ੍ਹ ਕੇ ਦਿੱਤਾ ਜਾਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਬਲਾਕ ਦੇ 18 ਸਾਲਾਂ ਤੋਂ ਵੱਧ ਉਮਰ ਵਾਲੇ ਲਾਭਪਾਤਰੀ ਦਾ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋਕਾਂ ਵਿੱਚ ਟੀਕਾਕਰਨ ਪ੍ਰਤੀ ਰੁਝਾਨ ਪਹਿਲਾਂ ਨਾਲੋਂ ਕਿਤੇ ਵਧ ਚੁੱਕਿਆ ਹੈ ਅਤੇ ਆਏ ਦਿਨ ਇਸ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।
ਇਸ ਮੌਕੇ ਐੱਸ. ਐਮ. ਓ. ਡਾ. ਸਤਨਾਮ ਸਿੰਘ ਨੇ ਦੱਸਿਆ ਕਿ ਹਾਲ ਵਿਚ ਹੀ ਸਿਹਤ ਵਿਭਾਗ ਵੱਲੋਂ ਬਲਾਕ ਸੁਰਸਿੰਘ ਦੇ ਸਿਹਤ ਕਰਮੀਆਂ ਵੱਲੋਂ ਇਕ ਦਿਨ ਵਿਚ ਹੀ 1880 ਟੀਕੇ ਲਗਾ ਕੇ ਆਪਣੇ ਟੀਚੇ ਵੱਲ ਵੱਡੀ ਪੁਲਾਂਘ ਮਾਰੀ ਹੈ।
ਇਸ ਮੌਕੇ ਬਲਾਕ ਐਜੂਕੇਟਰ ਸ਼੍ਰੀ ਨਵੀਨ ਕਾਲੀਆ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਹਰ ਇੱਕ ਗ੍ਰਾਮ ਪੰਚਾਇਤ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਟੀਕਾਕਰਨ ਪ੍ਰਤੀ ਜਾਗਰੂਕ ਕਰਨ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਉੱਤੇ ਜਿੱਤ ਪ੍ਰਾਪਤ ਕਰਨ ਲਈ ਹਰ ਇਕ ਵਿਅਕਤੀ ਅਤੇ ਸੰਸਥਾ ਦਾ ਯੋਗਦਾਨ ਬਹੁਤ ਹੀ ਲਾਜ਼ਮੀ ਹੈ ਅਤੇ ਕੋਵਿਡ ਟੀਕਾਕਰਨ ਕਰਵਾ ਕੇ ਅਸੀਂ ਸਾਰੇ ਇਸ ਬਿਮਾਰੀ ਨੂੰ ਖ਼ਤਮ ਕਰ ਸਕਦੇ ਹਾਂ। ਸ੍ਰੀ ਕਾਲੀਆ ਨੇ ਕਿਹਾ ਕਿ ਇਸ ਗੱਲ ਨੂੰ ਹਰ ਇੱਕ ਨੂੰ ਸਮਝਣਾ ਪਵੇਗਾ ਕਿ ਟੀਕਾਕਰਨ ਸਾਡੀ ਚੰਗੀ ਅਤੇ ਨਰੋਈ ਸਿਹਤ ਲਈ ਹੈ ਅਤੇ ਇਸਨੂੰ ਲਗਵਾਉਣ ਵਿੱਚ ਸਾਨੂੰ ਬਿਲਕੁਲ ਵੀ ਦੇਰੀ ਨਹੀਂ ਕਰਨੀ ਚਾਹੀਦੀ।
ਉਨ੍ਹਾਂ ਦੱਸਿਆ ਕਿ ਮਾਸ ਮੀਡੀਆ ਵਿੰਗ ਅਤੇ ਫੀਲਡ ਸਟਾਫ ਵੱਲੋਂ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਟੀਕਾਕਰਨ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।