*ਬਰਨਾਲਾ ਵਿਖੇ ਬੈਂਕਰਜ਼ ਦੀ ਜ਼ਿਲ੍ਹਾ ਸਲਾਹਕਾਰ ਸੰਮਤੀ ਦੀ ਤਿਮਾਹੀ ਮੀਟਿੰਗ
*ਮਿਸ਼ਨ ਫਤਿਹ ਤਹਿਤ ਕੋਵਿਡ ਸਾਵਧਾਨੀਆਂ ਅਪਣਾਉਣ ’ਤੇ ਜ਼ੋਰ
ਬਰਨਾਲਾ, 21 ਸਤੰਬਰ
ਸਟੇਟ ਬੈਂਕ ਆਫ਼ ਇੰਡੀਆ ਲੀਡ ਬੈਂਕ ਬਰਨਾਲਾ ਵੱਲੋਂ ਜ਼ਿਲ੍ਹਾ ਸਲਾਹਕਾਰ ਸੰਮਤੀ, ਜ਼ਿਲ੍ਹਾ ਸਲਾਹਕਾਰ ਰੀਵਿਊ ਸੰਮਤੀ ਤੇ ਜ਼ਿਲ੍ਹਾ ਲੈਵਲ ਸਕਿਉਰਿਟੀ ਸੰਮਤੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਕੁਮਾਰ ਜਿੰਦਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਾਲ 2020-21 ਦੀ ਜੂਨ 2020 ਦੀ ਤਿਮਾਹੀ ਤੱਕ ਕਰਜ਼ਾ ਯੋਜਨਾ ਅਧੀਨ ਕਰਜ਼ਿਆਂ ਦੀ ਵੰਡ ਅਤੇ ਸਰਕਾਰ ਦੀਆਂ ਵੱਖ—ਵੱਖ ਸਕੀਮਾਂ ਤੋਂ ਜਾਣੂ ਕਰਵਾਇਆ ਗਿਆ।
ਇਸ ਮੌਕੇ ਲੀਡ ਡਿਸਟ੍ਰਿਕਟ ਮੈਨੇਜਰ, ਬਰਨਾਲਾ ਸ੍ਰੀ ਮਹਿੰਦਰਪਾਲ ਗਰਗ ਨੇ ਮੀਟਿੰਗ ਦਾ ਏਜੰਡਾ ਪੇਸ਼ ਕਰਦੇ ਹੋਏ ਦੱਸਿਆ ਕਿ 2020-21 ਦੀ ਯੋਜਨਾ ਅਧੀਨ ਬਰਨਾਲਾ ਜ਼ਿਲ੍ਹੇ ਵਿੱਚ ਬੈਂਕਾਂ ਨੇ ਜੂਨ 2020 ਦੀ ਖ਼ਤਮ ਹੋਣ ਵਾਲੀ ਤਿਮਾਹੀ ਤੱਕ ਤਰਜੀਹੀ ਖੇਤਰ ਵਿੱਚ 1122 ਕਰੋੜ ਰੁਪਏ ਦੇ ਕਰਜ਼ੇ ਵੰਡੇ। ਇਸ ਵਿੱਚ ਸਭ ਤੋਂ ਵੱਧ ਖੇਤੀਬਾੜੀ ਖੇਤਰ ਲਈ 903 ਕਰੋੜ ਰੁਪਏ ਦੇ ਕਰਜ਼ੇ ਵੰਡੇ ਗਏ। ਜ਼ਿਲ੍ਹਾ ਬਰਨਾਲਾ ਵਿੱਚ ਬੈਂਕਾਂ ਨੇ ਕੋਵਿਡ—19 ਦੌਰਾਨ ਚਲਾਈ ਐਮਰਜੈਂਸੀ ਲਾਇਨ ਆਫ਼ ਕਰੈਡਿਟ 20 ਪ੍ਰਤੀਸ਼ਤ ਸਕੀਮ ਅਧੀਨ ਆਉਂਦੇ 1721 ਲਘੂ, ਛੋਟੇ ਤੇ ਦਰਮਿਆਨੇ ਉਦਯੋਗਾਂ ਲਈ 3597 ਲੱਖ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ। ਕਿਸਾਨਾਂ ਲਈ ਚਲਾਈ ਕਿਸਾਨ ਕਰੈਡਿਟ ਕਾਰਡ (ਡੇਅਰੀ) ਅਧੀਨ ਹੁਣ ਤੱਕ 639 ਕਿਸਾਨਾਂ ਨੂੰ 997 ਲੱਖ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਹਨ। ਬੈਂਕ ਦੇ ਤੈਅ ਮਾਣਕਾਂ ਅਨੁਸਾਰ ਬੈਂਕਾਂ ਦੀ ਕਰਜ਼ਾ ਜਮ੍ਹਾਂ ਅਨੁਪਾਤ 60 ਫੀਸਦੀ ਹੋਣੀ ਜ਼ਰੂਰੀ ਹੈ, ਪਰ ਬਰਨਾਲਾ ਜ਼ਿਲ੍ਹਾ ਦੀ ਇਹ ਅਨੁਪਾਤ 73.97 ਫੀਸਦੀ ਹੈ।
ਇਸ ਮੌਕੇ ਸ੍ਰੀ ਜਿੰਦਲ ਨੇ ਬੈਂਕਾਂ ਨੂੰ ਸਕਿਉਰਿਟੀ ਵਾਸਤੇ ਹਰ ਵੇਲੇ ਚੌਕਸ ਰਹਿਣ ਦੀ ਹਦਾਇਤ ਦਿੱਤੀ। ਉਨ੍ਹਾਂ ਕਿਹਾ ਕਿ ਬੈਂਕਾਂ ਦੇ ਸੀਸੀਟੀਵੀ ਕੈਮਰੇ, ਏਟੀਐਮ ਕੈਮਰੇ, ਖਤਰੇ ਦਾ ਅਲਾਰਮ ਆਦਿ ਹਰ ਵੇਲੇ ਚਾਲੂ ਹਾਲਤ ਵਿੱਚ ਰਹਿਣੇ ਚਾਹੀਦੇ ਹਨ ਅਤੇ ਸਮੇਂ—ਸਮੇਂ ’ਤੇ ਚੈਕ ਹੋਣੇ ਚਾਹੀਦੇ ਹਨ। ਅੱਗ ਬੁਝਾਊ ਯੰਤਰਾਂ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕੋਵਿਡ—19 ਕਾਰਨ ਵਧੀ ਹੋਈ ਬੇਰੁਜ਼ਗਾਰ ਕਾਰਨ ਬੈਕਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਸਾਰੇ ਮਹਿਕਮਿਆਂ ਵੱਲੋਂ ਸਪਾਂਸਰ ਸਵੈ ਰੋਜ਼ਗਾਰ ਦੀਆਂ ਕਰਜ਼ਾ ਅਰਜ਼ੀਆਂ ਪਹਿਲ ਦੇ ਅਧਾਰ ’ਤੇ ਮਨਜ਼ੂਰ ਕਰਨ ਅਤੇ ਸਵੈ ਰੋਜ਼ਗਾਰ ਸਕੀਮ ਅਧੀਨ ਮੁਦਰਾ ਦੇ ਵੱਧ ਤੋਂ ਵੱਧ ਕਰਜ਼ੇ ਦੇਣ। ਉਨ੍ਹਾਂ ਕੇ.ਸੀ.ਸੀ ਡੇਅਰੀ ਕਿਸਾਨਾਂ ਦੀਆਂ ਸਾਰੀਆਂ ਦਰਖ਼ਾਸਤਾਂ 30.09.2020 ਤੱਕ ਪੂਰਾ ਕਰਨ ਲਈ ਕਿਹਾ।
ਇਸ ਮੌਕੇ ਸ੍ਰੀ ਧਰਮਪਾਲ ਬਾਂਸਲ (ਡਾਇਰੈਕਟਰ, ਪੇਂਡੂ ਸਵੈਂ—ਰੋਜ਼ਗਾਰ ਇੰਸਟੀਚਿਊਟ ਅਤੇ ਟਰੇਨਿੰਗ ਸੈਂਟਰ, ਬਰਨਾਲਾ) ਨੇ ਵੀ ਜੂਨ 2020 ਦੀ ਤਿਮਾਹੀ ਦਾ ਡੀ.ਐਲ.ਆਰ.ਏ.ਸੀ ਮੀਟਿੰਗ ਦਾ ਏਜੰਡਾ ਪੇਸ਼ ਕੀਤਾ। ਇਸ ਮੀਟਿੰਗ ਵਿੱਚ ਨਾਬਾਰਡ ਤੋਂ ਸ੍ਰੀ ਮਾਨਵਪ੍ਰੀਤ ਸਿੰਘ ਅਤੇ ਦੂਸਰੇ ਸਾਰੇ ਬੈਂਕਾਂ ਦੇ ਜ਼ਿਲ੍ਹਾ ਕੋ—ਆਰਡੀਨੇਟਰ ਅਤੇ ਵੱਖੋ—ਵੱਖ ਮਹਿਕਮਿਆਂ ਦੇ ਅਫ਼ਸਰਾਂ ਨੇ ਵੀ ਭਾਗ ਲਿਆ। ਅੰਤ ਵਿੱਚ ਸ੍ਰੀ ਮਹਿੰਦਰਪਾਲ ਗਰਗ (ਲੀਡ ਮੈਨੇਜਰ, ਬਰਨਾਲਾ) ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਕੋਵਿਡ—19 ਦੇ ਸਬੰਧੀ ਸਾਰੀਆਂ ਸਰਕਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਸਾਰੀਆਂ ਬੈਂਕ ਸ਼ਾਖਾਵਾਂ ਅਤੇ ਦਫ਼ਤਰਾਂ ਵਿੱਚ ਯਕੀਨੀ ਬਣਾਈ ਜਾਵੇ।