ਸਵੈ-ਰੋਜ਼ਗਾਰ ਲੋਨ ਮੇਲੇ ਦੇ ਦੂਸਰੇ ਦਿਨ ਵੰਡੇ 168 ਲੋਨ ਪੱਤਰ
ਪਟਿਆਲਾ, 12 ਨਵੰਬਰ:
ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰ ਹੁਨਰਮੰਦ ਨੌਜਵਾਨਾਂ ਲਈ ਸਵੈ ਰੋਜ਼ਗਾਰ ਸਥਾਪਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਲਗਾਏ ਗਏ ਦੋ ਰੋਜ਼ਾ ਸਵੈ ਰੋਜ਼ਗਾਰ ਮੇਲੇ ਦੇ ਅੱਜ ਦੂਸਰੇ ਦਿਨ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਸਿਖਲਾਈ ਪ੍ਰਾਪਤ 96 ਪ੍ਰਾਰਥੀਆਂ ਨੇ ਨਵੇਂ ਕਰਜ਼ਾ ਕੇਸਾਂ ਲਈ ਅਪਲਾਈ ਕੀਤਾ ਅਤੇ 168 ਲਾਭਪਾਤਰੀਆਂ ਨੂੰ ਲੋਨ ਦੇ ਮਨਜ਼ੂਰੀ ਪੱਤਰ ਸੌਂਪੇ ਗਏ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਲਈ ਉਤਸਾਹਿਤ ਕਰਨ ਲਈ ਵੱਖ-ਵੱਖ ਵਿਭਾਗਾਂ ਵੱਲੋਂ ਟਰੇਨਿੰਗ ਦੇਕੇ ਵੱਖ-ਵੱਖ ਕਿੱਤਿਆਂ ‘ਚ ਨੌਜਵਾਨਾਂ ਨੂੰ ਮੁਹਾਰਤ ਦਿੱਤੀ ਜਾ ਰਹੀ ਹੈ, ਜਿਸ ਸਦਕਾ ਉਹ ਕਿੱਤਾ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਤਕਨੀਕੀ ਜਾਣਕਾਰੀ ਹਾਸਲ ਕਰਕੇ ਫੇਰ ਆਪਣਾ ਰੋਜ਼ਗਾਰ ਸ਼ੁਰੂ ਕਰਦੇ ਹਨ ਅਤੇ ਵਿਭਾਗਾਂ ਵੱਲੋਂ ਵੀ ਉਨ੍ਹਾਂ ਨੂੰ ਨਵਾਂ ਕਿੱਤਾ ਸ਼ੁਰੂ ਕਰਨ ਲਈ ਲੋੜੀਂਦੀ ਸਹਾਇਤਾ ਦੇਣ ਸਮੇਤ ਲੋਨ ਕੇਸ ਕਰਵਾਉਣ ‘ਚ ਵੀ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਅੱਜ ਵੱਖ-ਵੱਖ ਵਿਭਾਗਾਂ ਤੋਂ ਸਿਖਲਾਈ ਪ੍ਰਾਪਤ 96 ਪ੍ਰਾਰਥੀਆਂ ਦੇ ਨਵੇਂ ਕੇਸ ਅਪਲਾਈ ਕੀਤੇ ਗਏ ਹਨ।
ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਅੱਜ ਸਵੈ ਰੋਜ਼ਗਾਰ ਮੇਲੇ ਦੇ ਦੂਸਰੇ ਦਿਨ ਬੈਂਕ ਆਫ਼ ਇੰਡੀਆ, ਸੈਂਟਰਲ ਬੈਂਕ ਆਫ਼ ਇੰਡੀਆ, ਬੈਂਕ ਆਫ਼ ਮਹਾਰਾਸ਼ਟਰਾ, ਪੰਜਾਬ ਐਂਡ ਸਿੰਧ ਬੈਂਕ, ਐਸ.ਬੀ.ਆਈ., ਪੰਜਾਬ ਗਰਾਮੀਣ ਬੈਂਕ, ਆਈ.ਡੀ.ਬੀ.ਆਈ. ਬੈਂਕ ਅਤੇ ਆਈ.ਸੀ.ਆਈ.ਸੀ.ਆਈ ਬੈਂਕ ਨੇ ਮੇਲੇ ‘ਚ ਸ਼ਿਰਕਤ ਕਰਕੇ ਸਵੈ ਰੋਜ਼ਗਾਰ ਦੀਆਂ ਸਕੀਮਾਂ ਜਿਸ ‘ਚ ਪੀ.ਐਮ.ਈ.ਜੀ.ਪੀ., ਮੁਦਰਾ ਲੋਨ, ਸਟੈਂਡ ਅਪ ਇੰਡੀਆ, ਸਵਨਿਧੀ ਸਮੇਤ ਵੱਖ-ਵੱਖ ਵਿਭਾਗਾਂ ਦੀਆਂ ਸਵੈ ਰੋਜ਼ਗਾਰ ਸਕੀਮਾਂ ਤਹਿਤ ਲੋਨ ਕੇਸ ਮਨਜ਼ੂਰ ਕੀਤੇ ਗਏ ਅਤੇ ਨਵੇਂ ਕੇਸ ਅਪਲਾਈ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਭਵਿੱਖ ‘ਚ ਵੀ ਲਗਾਏ ਜਾਂਦੇ ਰਹਿਣਗੇ ਤਾਂ ਜੋ ਇੱਕੋ ਛੱਤ ਥੱਲੇ ਨੌਜਵਾਨਾਂ ਨੂੰ ਲੋਨ ਦੀ ਸੁਵਿਧਾ ਮਿਲ ਸਕੇ।
ਕੈਪਸ਼ਨ: ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਲਾਭਪਾਤਰੀਆਂ ਨੂੰ ਮੰਨਜ਼ੂਰੀ ਪੱਤਰ ਸੌਂਪਦੇ ਹੋਏ।