ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਵੱਖ-ਵੱਖ ਪਿੰਡਾਂ ਦੇ ਸਿਲਾਈ ਕੇਂਦਰਾਂ ‘ਚ ਕਰਵਾਇਆ ਜਾ ਰਿਹਾ ਮੁਫ਼ਤ ਸਿਲਾਈ ਕੋਰਸ
ਤਰਨ ਤਾਰਨ, 07 ਜੁਲਾਈ 2021
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਜ਼ਿਲ੍ਹੇ ਦੀਆਂ ਲੋੜਵੰਦ ਲੜਕੀਆਂ ਨੂੰ ਆਪਣਾ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਕਰਵਾਏ ਜਾ ਰਹੇ ਮੁਫ਼ਤ ਸਿਲਾਈ ਕੋਰਸ ਨੰੁ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ ਗਏ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਤਰਨ ਤਾਰਨ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਸਿਲਾਈ ਕੇਂਦਰਾਂ ‘ਚ ਕਰਵਾਏ ਜਾ ਰਹੇ ਸਿਲਾਈ ਦਾ ਕੋਰਸ ਪੂਰਾ ਕਰਨ ਵਾਲੀਆਂ 46 ਲੜਕੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਪਿੰਡ ਸੁਰਸਿੰਘ ਦੇ ਸਿਲਾਈ ਕੇਂਦਰ ਦੀਆਂ 17 ਲੜਕੀਆਂ, ਪਿੰਡ ਪੰਡੋਰੀ ਗੋਲਾਂ ਦੇ ਸਿਲਾਈ ਕੇਂਦਰ ਦੀਆਂ 17 ਲੜਕੀਆਂ ਅਤੇ ਪਿੰਡ ਬਾਠ ਦੇ ਸਿਲਾਈ ਕੇਂਦਰ ਤੋਂ ਮੁਫ਼ਤ ਸਿਲਾਈ ਕੋਰਸ ਮੁਕੰਮਲ ਕਰਨ ਵਾਲ਼ੀਆਂ 12 ਲੜਕੀਆਂ ਨੰੁ ਅੱਜ ਸਰਟੀਫਿਕੇਟ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਤਰਨ ਤਾਰਨ ਵੱਲੋਂ ਚਲਾਏ ਜਾ ਰਹੇ ਸਿਲਾਈ ਕੇਂਦਰਾਂ ਵਿੱਚ ਮੁਫ਼ਤ ਸਿਲਾਈ ਕੋਰਸ ਕਰਨ ਵਾਲੀਆਂ ਲੜਕੀਆਂ ਆਪਣਾ ਸਵੈ-ਰੋਜ਼ਗਾਰ ਸ਼ੁਰੂ ਕਰਕੇ ਆਪਣੇ ਪੈਰਾਂ ‘ਤੇ ਖੜ੍ਹ ਸਕਦੀਆਂ ਹਨ ਅਤੇ ਆਰਥਿਕ ਤੌਰ ‘ਤੇ ਆਤਮ-ਨਿਰਭਰ ਹੋ ਸਕਦੀਆਂ ਹਨ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਆਪਣਾ ਸਵੈ-ਰੋਜ਼ਗਾਰ ਸ਼ੁਰੂ ਕਰਨ ਦੀਆਂ ਚਾਹਵਾਨ ਲੜਕੀਆਂ ਦੀ ਹਰ ਮੱਦਦ ਕੀਤੀ ਜਾਵੇਗੀ ਤਾਂ ਜੋ ਉਹ ਆਤਮ-ਨਿਰਭਰ ਹੋ ਕੇ ਚੰਗਾ ਜੀਵਨ ਬਤੀਤ ਕਰ ਸਕਣ।ਉਹਨਾਂ ਜ਼ਿਲ੍ਹੇ ਦੀਆਂ ਹੋਰ ਲੜਕੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਤਰਨ ਤਾਰਨ ਵੱਲੋਂ ਚਲਾਏ ਜਾ ਰਹੇ ਕਿੱਤਾ-ਮੁਖੀ ਕੋਰਸਾਂ ਦਾ ਵੱਧ ਤੋਂ ਵੱਧ ਲਾਭ ਲੈਣ।