‘ਟੀਕਾ ਉਤਸਵ’ ਤਹਿਤ ਵੱਖ-ਵੱਖ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਲਗਾਏ ਗਏ ਵਿਸ਼ੇਸ਼ ਟੀਕਾਕਰਨ ਕੈਂਪ
ਨਵਾਂਸ਼ਹਿਰ, 3 ਮਈ 2021 : ਡਿਪਟੀ ਕਮਿਸ਼ਨਰ ਡਾ ਸ਼ੇਨਾ ਅਗਰਵਾਲ ਜੀ ਦੇ ਦਿਸ਼ਾ ਨਿਰਦੇਸਾਂ ਮੁਤਾਬਕ ਸਿਹਤ ਵਿਭਾਗ ਨੇ ਕੋਰੋਨਾ ਵਰਗੇ ਮਾਰੂ ਵਾਇਰਸ ਨੂੰ ਹਰਾ ਕੇ “ਮਿਸ਼ਨ ਫਤਿਹ” ਦੀ ਪ੍ਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਵਿੱਢੀ ਹੋਈ ਹੈ। ਇਸੇ ਕੜੀ ਤਹਿਤ ਅੱਜ ਦੋ ਹਜ਼ਾਰ ਤੋਂ ਵੱਧ ਯੋਗ ਵਿਅਕਤੀਆਂ ਨੂੰ ਕੋਵਿਡ ਰੋਕੂ ਟੀਕੇ ਲਗਾਏ ਗਏ। ਇਸ ਤਰ੍ਹਾਂ ਜ਼ਿਲ੍ਹੇ ਵਿਚ ਹੁਣ ਤੱਕ ਕੋਵਿਡ ਰੋਕੂ ਵੈਕਸੀਨ ਦੀਆਂ ਕੁੱਲ 109504 ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚ ਪਹਿਲੀ ਖੁਰਾਕ ਅਤੇ ਦੂਜੀ ਖੁਰਾਕ ਸ਼ਾਮਲ ਹੈ।
ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਨੇ ਅੱਜ ਇੱਥੇ ਦੱਸਿਆ ਕਿ ਸਿਹਤ ਵਿਭਾਗ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦਿਨ-ਰਾਤ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੈਂਪਲੰਿਗ, ਕੰਟੈਕਟ ਟ੍ਰੇਸਿੰਗ ਅਤੇ ਕੋਵਿਡ ਰੋਕੂ ਟੀਕਾਕਰਨ ਨਾਲ ਕੋਰੋਨਾ ਵਾਇਰਸ ਦਾ ਲੱਕ ਤੋੜਿਆ ਜਾ ਰਿਹਾ ਹੈ। ਕੋਰੋਨਾ ਮਹਾਂਮਾਰੀ ਤੋਂ ਬਚਾਅ ਵਾਸਤੇ ਕੋਵਿਡ ਟੀਕਾਕਰਨ ਬਹੁਤ ਜ਼ਰੂਰੀ ਹੈ। ਕੋਰੋਨਾ ਮੌਤਾਂ ਰੋਕਣ ਲਈ ਕੋਵਿਡ ਰੋਕੂ ਟੀਕਾ ਵਰਦਾਨ ਸਾਬਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਟੀਕਾਕਰਨ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 45 ਸਾਲ ਤੋਂ ਉਪਰਲੇ ਸਾਰੇ ਵਿਅਕਤੀ ਕੋਵਿਡ ਦਾ ਟੀਕਾ ਜ਼ਰੂਰ ਲਗਵਾਉਣ ਅਤੇ ਆਪਣੇ ਪਰਿਵਾਰਕ ਜੀਆਂ, ਰਿਸ਼ਤੇਦਾਰ, ਗੁਆਂਢੀਆਂ ਅਤੇ ਹੋਰ ਸਾਰੇ ਲਾਭਪਾਤਰੀਆਂ ਨੂੰ ਇਸ ਵਾਸਤੇ ਹੱਲਾਸ਼ੇਰੀ ਦੇਣ।
ਡਾ. ਕਪੂਰ ਨੇ ਦੱਸਿਆ ਕਿ ਟੀਕਾ ਲਗਵਾਉਣ ਨਾਲ ਸਰੀਰ ‘ਤੇ ਕੋਈ ਮਾੜਾ ਅਸਰ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਸੁਰੱਖਿਅਤ ਰੱਖਣ ਵਾਸਤੇ ਪੂਰੀ ਤਨਦੇਹੀ ਨਾਲ ਲੱਗਾ ਹੋਇਆ ਹੈ ਅਤੇ ਲੋਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਇਸ ਬੀਮਾਰੀ ਦੇ ਮਾੜੇ-ਮੋਟੇ ਵੀ ਲੱਛਣ ਦਿਸਣ ‘ਤੇ ਤੁਰੰਤ ਟੈਸਟ ਕਰਵਾਉਣ ਅਤੇ ਨਾਲ ਹੀ ਕੋਵਿਡ ਟੀਕਾਕਰਨ ਵੀ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਕਿਉਂਕਿ ਮਾਸਕ ਪਾ ਕੇ, ਆਪਸੀ ਦੂਰੀ ਬਰਕਰਾਰ ਰੱਖ ਕੇ ਅਤੇ ਪਾਣੀ ਨਾਲ ਆਪਣੇ ਹੱਥਾਂ ਨੂੰ ਧੋ ਕੇ ਸਵੱਛ ਅਤੇ ਸੁਰੱਖਿਅਤ ਰੱਖ ਕੇ ਕੋਰੋਨਾ ਵਾਇਰਸ ਨੂੰੂ ਹਰਾਉਣਾ ਸੰਭਵ ਹੈ।