ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਵੱਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ

AGRICULTURE
ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਵੱਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ
ਫਾਜ਼ਿਲਕਾ 18 ਸਤੰਬਰ 2021
ਬਾਗਬਾਨੀ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਵੱਲੋਂ ਪਿੰਡ ਬਜੀਦਪੁਰ ਕੱਟਿਆਂ ਵਾਲੀ ਅਤੇ ਜ਼ਿਲ੍ਹਾ ਫਾਜ਼ਿਲਕਾ ਵਿਖੇ ਫਲਾਂ ਤੇ ਸਬਜ਼ੀਆਂ ਦੀ ਸਫਲ ਕਾਸ਼ਤ ਸੰਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
 ਇਸ ਕੈਂਪ ਵਿੱਚ ਡਾ. ਮਨਦੀਪ ਸਿੰਘ ਬਰਾੜ ਸਹਾਇਕ ਡਾਇਰੈਕਟਰ ਬਾਗਬਾਨੀ ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਵੱਲੋਂ ਬਾਗਾਂ ਵਿੱਚ ਖਾਦਾਂ ਦੀ ਵਰਤੋਂ ਮਿੱਟੀ ਅਤੇ ਪੱਤਿਆਂ ਦੀ ਪਰਖ ਕਰਵਾਉਣ ਉਪਰੰਤ ਲੋੜ ਅਨੁਸਾਰ ਕਰਨ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਤਾਂ ਜੋ ਬੇਲੋੜੇ ਖਰਚਿਆਂ ਤੋਂ ਬਚਿਆ ਜਾ ਸਕੇ। ਡਾ. ਬਰਾੜ ਵੱਲੋਂ ਮਿੱਟੀ ਅਤੇ ਪੱਤਿਆਂ ਦੇ ਸੈਂਪਲ ਲੈਣ ਦੇ ਢੰਗ, ਕਿਨੂੰ/ਮਾਲਟੇ ਦੇ ਬਾਗਾਂ ਦੀਆਂ ਬਿਮਾਰੀਆਂ, ਕਿਨੂੰ ਦੇ ਬੂਟੇ ਸੁੱਕਣ ਸੰਬੰਧੀ, ਫਲ ਦੀ ਕੇਰ ਅਤੇ ਉਸਦੀ ਸੁਚੱਜੀ ਰੋਕਥਾਮ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸਿਟਰਸ ਅਸਟੇਟ ਵਿੱਚ ਮੌਜੂਦ ਆਧੁਨਿਕ ਮਸ਼ੀਨੀਕਰਨ, ਬਾਗਬਾਨਾਂ ਨੂੰ ਕਿਰਾਏ ਤੇ ਦੇਣ ਅਤੇ ਕੌਮੀ ਬਾਗਬਾਨੀ ਮਿਸ਼ਨ ਅਧੀਨ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।
 ਕਿਸਾਨਾਂ ਨੂੰ ਘਰੇਲੂ ਬਗੀਚੀ ਦੀ ਮਹੱਤਤਾ ਬਾਰੇ ਦੱਸਦਿਆਂ ਅਪੀਲ ਕੀਤੀ ਗਈ ਕਿ ਕਿਸਾਨ ਆਪਣੇ ਪਰਿਵਾਰ ਦੀ ਰੋਜ਼ਮਰਾ ਲੋੜ ਅਨੁਸਾਰ ਜ਼ਹਿਰ ਮੁਕਤ ਸਬਜ਼ੀਆਂ ਆਪ ਪੈਦਾ ਕਰਨ। ਡਾ. ਗੁਰਜੀਤ ਸਿੰਘ, ਬਾਗਬਾਨੀ ਵਿਕਾਸ ਅਫਸਰ(ਐਂਟੋਮੋਲੋਜੀ) ਵੱਲੋਂ ਨਵੇਂ ਬਾਗਾਂ ਦੀ ਵਿਉਂਤਬੰਦੀ, ਬਾਗ ਲਾਉਣ ਤੋਂ ਪਹਿਲਾਂ ਮਿੱਟੀ ਪਰਖ ਕਰਵਾਉਣ ਅਤੇ ਕਿਨੂੰ/ਅਮਰੂਦ ਦੇ ਕੀੜੇ-ਮਕੌੜਿਆਂ ਦੀ ਪਛਾਣ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਕਿਸਾਨਾਂ ਨੂੰ ਸਬਜ਼ੀ ਬੀਜਾਂ ਦੀਆਂ ਮਿੰਨੀ ਕਿੱਟਾਂ ਮੁਹੱਈਆਂ ਕਰਵਾਈਆਂ ਗਈਆਂ। ਅੰਤ ਵਿੱਚ ਕਿਸਾਨਾਂ ਦੇ ਸੁਆਲਾਂ ਦੇ ਜੁਆਬ ਦਿੱਤੇ ਗਏ।
ਇਸ  ਮੌਕੇ ਸ਼੍ਰੀ ਸ਼ਰਧਾ ਸਿੰਘ ਅਤੇ ਸ਼੍ਰੀ ਰਾਮ ਕੁਮਾਰ ਬਾਗਬਾਨੀ ਤਕਨੀਕੀ ਸਹਾਇਕ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
Spread the love