ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵਲੋਂ ਲੋੜਵੰਦ ਲੋਕਾਂ ਨੂੰ ਦਿੱਤੀ ਜਾਵੇਗੀ ਮੁਫ਼ਤ ਦਵਾਈ
ਗੁਰਦਾਸਪੁਰ, 20 ਅਗਸਤ 2021 ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਰਫ ਇਕ ਰੁਪਏ ਵਿਚ ਅਪੈਲੋ, ਵੇਦਾਂਤਾ ਅਤੇ ਫੋਰਟਿਸ ਹਸਪਤਾਲ ਦੇ ਮਾਹਰ ਡਾਕਟਰਾਂ ਕੋਲ, ਆਪਣੀ ਬਿਮਾਰੀ ਦੱਸ ਕੇ ਸਲਾਹ ਲਈ ਜਾ ਸਕਦੀ ਹੈ ਅਤੇ ਸਲਾਹ ਲੈਣ ਉਪਰੰਤ ਲੋੜਵੰਦ ਮਰੀਜ਼ਾਂ ਨੂੰ ਜ਼ਿਲ੍ਹਾ ਰੈੱਡ ਕਰਾਸ ਵਲੋਂ ਮਾਹਿਰ ਡਾਕਟਰਾਂ ਵਲੋਂ ਦੱਸੀ ਗਈ ਦਵਾਈ, ਮੁਫਤ ਵਿਚ ਮੁਹੱਈਆ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਅੰਦਰ ਚੱਲ ਰਹੇ ਕਾਮਨ ਸਰਵਿਸ ਸੈਂਟਰ ਰਾਹੀਂ ਵੀ.ਐਲ.ਈ ਨਾਲ ਸੰਪਰਕ ਕਰਕੇ ਉਪਰੋਕਤ ਸਹੂਲਤ ਪ੍ਰਾਪਤ ਕੀਤੀ ਜਾ ਸਕਦੀ ਹੈ। ਕਾਮਨ ਸਰਵਿਸ ਸੈਂਟਰ ਵਿਚ ਟੈਲੀ-ਮੈਡੀਸਨ ਦੀ ਸੇਵਾ ਪ੍ਰਦਾਨ ਕੀਤੀ ਜਾ ਰਹੀ ਹੈ। ਜਿਸ ਤਹਿਤ ਆਪਣੀ ਬਿਮਾਰੀ ਬਾਰੇ ਡਾਕਟਰ ਕੋਲੋਂ ਸਲਾਹ ਲੈਣ ਲਈ, ਸਭ ਤੋਂ ਪਹਿਲਾਂ ਲਾਭਪਾਤਰੀ, ਵੀ.ਐਲ.ਈ ਕੋਲ ਆਪਣੀ ਰਜਿਸ਼ਟਰੇਸ਼ਨ ਕਰਵਾਏਗਾ। ਰਜਿਸ਼ਟਰੇਸ਼ਨ ਕਰਵਾਉਣ ਉਪਰੰਤ ਦੱਸੀ ਗਈ ਬਿਮਾਰੀ ਸਬੰਧੀ ਡਾਕਟਰ ਵਲੋਂ ਮਰੀਜ਼ ਦੀ ਕੌਂਸਲਿੰਗ ਕੀਤੀ ਜਾਵੇਗੀ। ਡਾਕਟਰ ਵਲੋਂ ਜੋ ਵੀ ਸਲਾਹ ਜਾਂ ਦਵਾਈ ਖਾਣ ਲਈ ਦੱਸੀ ਗਈ ਹੋਵੇਗੀ, ਉਸਦੀ ਜਾਣਕਾਰੀ ਇਕ ਸਲਿੱਪ ਰਾਹੀਂ ਵੀ.ਐਲ.ਈ ਵਲੋਂ ਮਰੀਜ ਨੂੰ ਮੁਹੱਈਆ ਕਰਵਾਈ ਜਾਵੇਗੀ। ਜੇਕਰ ਕਿਸੇ ਮਰੀਜ ਨੂੰ ਦਵਾਈ ਖਰੀਦਣ ਲਈ ਮੁਸ਼ਕਿਲ ਪੇਸ਼ ਆਉਂਦੀ ਹੋਵੇਗੀ ਤਾਂ ਉਸ ਮਰੀਜ਼ ਨੂੰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵਲੋਂ ਦਵਾਈ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਾਮਨ ਸਰਵਿਸ ਸੈਂਟਰ ਵਲੋਂ ਪ੍ਰਦਾਨ ਕੀਤੀ ਜਾ ਰਹੀ ਇਸ ਸਹੂਲਤ ਦਾ ਘਰ ਬੈਠੇ ਹੀ ਲਾਭ ਉਠਾ ਸਕਦੇ ਹਨ ਅਤੇ ਜੋ ਮਰੀਜ਼ ਕਿਸੇ ਕਾਰਨ ਦੂਰ-ਢੁਰਾਢੇ ਜਾ ਕੇ ਦਵਾਈ ਨਹੀਂ ਲੈ ਸਕਦੇ, ਉਨਾਂ ਮਰੀਜਾਂ ਲਈ ਟੈਲੀ-ਮੈਡੀਸਨ ਇਕ ਵਰਦਾਨ ਹੈ।