ਅਜੇ ਤੱਕ ਜਿਲ੍ਹੇ ਵਿਚ ਡੇਂਗੂ ਦਾ ਕੋਈ ਪੋਜਟਿਵ ਕੇਸ ਰਿਪੋਰਟ ਨਹੀਂ ਹੋਇਆ
ਗੁਰਦਾਸਪੁਰ, 17 ਮਈ 2021 ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਦੀ ਪ੍ਰਧਾਨਗੀ ਹੇਠ ਡੇਂਗੂ ਸਬੰਧੀ ਪੋਸਟਰ ਰਿਲੀਜ ਕੀਤੇ ਗਏ। ਇਸ ਮੌਕੇ ਤੇ ਜਿਲ੍ਹਾ ਐਪੀਡਿਮਾਲੋਜਿਸਟ ਡਾ. ਪ੍ਰਭਜੋਤ ਕੌਰ ਕਲਸੀ ਨੇ ਡੇਂਗੁ ਦੇ ਕੇਸਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅਜੇ ਤੱਕ ਸਾਲ 2021 ਵਿਚ ਡੇਂਗੂ ਦਾ ਕੋਈ ਵੀ ਕੇਸ ਰਿਪੋਰਟ ਨਹੀਂ ਹੋਇਆ। ਸਾਲ 2019 ਵਿਚ ਡੇਂਗੂ ਦੇ 819 ਪੋਜਟਿਵ ਕੇਸ ਰਿਪੋਰਟ ਹੋਏ ਸਨ। ਸਾਲ 2020 ਵਿਚ ਡੇਂਗੂ ਦੇ ਕੁੱਲ 195 ਕੇਸ ਪੋਜਟਿਵ ਸਨ। ਡੇਂਗੂ ਸਬੰਧੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਹਰ ਸਾਲ ਕਈ ਲੋਕ ਡੇਂਗੂ ਬੁਖਾਰ ਨਾਲ ਗ੍ਰਸਤ ਹੁੰਦੇ ਹਨ।
ਉਹਨਾਂ ਨੇ ਦਸਿਆ ਕਿ ਡੇਂਗੂ ਇਕ ਵਾਇਰਲ ਬੁਖਾਰ ਹੈ ਜੋ ਕਿ ਏਡੀਜ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਜੋ ਕਿ ਦਿਨ ਵੇਲੇ ਕੱਟਦਾ ਹੈ। ਜਦੋਂ ਡੇਂਗੂ ਦਾ ਮੱਛਰ ਕਿਸੇ ਤੰਦਰੁਸਤ ਵਿਅਕਤੀ ਨੂੰ ਕੱਟਦਾ ਹੈ ਤਾਂ ਉਸ ਵਿਅਕਤੀ ਨੂੰ ਬੁਖਾਰ, ਫਲੂ ਵਰਗੇ ਲੱਛਣ ਅਤੇ ਤੇਜ ਦਰਦ ਹੁੰਦਾ ਹੈ। ਜੇਰ ਵਿਅਕਤੀ ਗੰਭੀਰ ਤੌਰ ਤੇ ਬਿਮਾਰ ਹੁੰਦਾ ਹੈ ਤਾਂ ਉਸਦੇ ਸ਼ਰੀਰ ਵਿਚ ਵਾਇਰਸ ਤੇਜੀ ਨਾਲ ਫੈਲਦਾ ਹੈ, ਕਿਉਂਕਿ ਵਾਇਰਸ ਦੀ ਗਿਣਤੀ ਇੰਨੀ ਜਿਆਦਾ ਹੁੰਦੀ ਹੈ ਕਿ ਇਹ ਕਈ ਅੰਗਾਂ ਤੇ ਪ੍ਰਭਾਵ ਪਾਉਂਦੀ ਹੈ।
ਡੇਂਗੂ ਬਿਮਾਰੀ ਦੇ ਆਮ ਲੱਛਣ ਜਿਵੇਂ ਕਿ ਤੇਜ ਸਿਰ ਦਰਦ, ਤੇਜ ਬੁਖਾਰ, ਮਾਸ ਪੇਸ਼ੀਆਂ ਅਤੇ ਜੋੜਾ ਵਿਚ ਦਰਦ,ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਜੀ ਕੱਚਾ ਹੋਣਾ ਉਲਟੀਆਂ ਦਾ ਆਉਣਾ,ਹਾਲਤ ਖਰਾਬ ਹੋਣ ਤੇ ਨੱਕ, ਮੁੰਹ ਅਤੇ ਮਸੂੜਿਆਂ ਵਿਚ ਖੂਨ ਵਗਣਾ ਆਦਿ ਹਨ। ਡੇਂਗੂ ਗ੍ਰਸਤ ਵਿਅਕਤੀ ਦੇ ਚਿਹਰੇ, ਗਲੇ ਜਾਂ ਛਾਤੀ ਤੇ ਲਾਲ ਰੰਗ ਦੇ ਨਿਸ਼ਾਨ ਹੋ ਸਕਦੇ ਹਨ। ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ਤੇ ਦਾਨੇ ਦਿਖਾਈ ਦਿੰਦੇ ਹਨ।ਡੇਂਗੂ ਬੁਖਾਰ ਦੇ ਇਕ ਜਾਂ ਦੋ ਰੂਪ ਹੁੰਦੇ ਹਨ ਜੋ ਕਿ ਜਾਨਲੇਵਾ ਹੋ ਸਕਦੇ ਹਨ।
ਸਹਾਇਕ ਸਿਵਲ ਸਰਜਨ, ਡਾ. ਭੂਸ਼ਣ ਨੇ ਕਿਹਾ ਕਿ ਚਾਹੇ ਡੇਂਗੂ ਦੀ ਬਿਮਾਰੀ ਦੇ ਇਲਾਜ ਅਤੇ ਰੋਕਥਾਮ ਵਾਸਤੇ ਨੋਡਲ ਅਜੇਂਸੀ ਸਿਹਤ ਵਿਭਾਗ ਹੈ ਪਰ ਸ਼ਹਿਰਾਂ ਵਿਚ ਮਿਉਂਸੀਪਲ ਕਮੇਟੀਆਂ ਅਤੇ ਪਿੰਡਾਂ ਵਿਚ ਪੇਂਡੂ ਵਿਕਾਸ ਅਤੇ ਪੰਚਾਇਤ ਅਫਸਰਾਂ ਅਤੇ ਪੰਚਾਇਤਾਂ ਦਾ ਅਹਿਮ ਰੋਲ ਹੈ। ਸ਼ਹਿਰਾਂ ਵਿਚ ਫੋਗਿੰਗ ਕਰਵਾਉਣੀ ਅਤੇ ਰੋਟੇਸ਼ਨ ਵਾਇਜ ਹਰ ਵਾਰਡ ਵਿਚ ਸਪਰੇ ਕਰਵਾਉਣੀ ਅਤੇ ਏਡੀਜ ਮੱਛਰ ਦੇ ਲਾਰਵੇ ਦੀ ਭਾਲ ਲਈ ਇੰਸਪੈਕਸ਼ਨ ਕਰਵਾਉਣ ਵਿਚ ਕਮੇਟੀ ਦੀ ਮੁੱਖ ਭੁਮਿਕਾ ਹੈ। ਜੇਕਰ ਕਿਸੇ ਘਰ ਜਾਂ ਦਫਤਰ ਦੇ ਵਿਚ ਏਡੀਜ ਦਾ ਲਾਰਵਾ ਮਿਲਦਾ ਹੈ ਤਾਂ ਸਬੰਧਤ ਨੂੰ ਨੋਟਿਸ ਦਿੱਤਾ ਜਾਵੇ ਅਤੇ 500/- ਰੁਪਏ ਤੱਕ ਦਾ ਚਲਾਨ ਵੀ ਕੀਤਾ ਜਾ ਸਕਦਾ ਹੈ।
ਡਾ. ਵਿਜੇ ਕੁਮਾਰ, ਜਿਲ੍ਹਾ ਪਰਿਵਾਰ ਭਲਾਈ ਅਫਸਰ ਗੁਰਦਾਸਪੁਰ ਜੀ ਨੇ ਕਿਹਾ ਕਿ ਹਰ ਸ਼ਹਿਰੀ ਇਹ ਸਮਝੇ ਕਿ ਆਪਣਾ ਘਰ ਅਤੇ ਆਲਾ ਦੁਆਲਾ ਸਾਫ ਰੱਖਣਾ ਉਸਦਾ ਮੁੱਢਲਾ ਫਰਜ ਹੈ। ਹਰ ਕੋਈ ਆਪਣੇ ਕੰਮ ਕਰਨ ਦੀ ਥਾਂ ਅਤੇ ਰਿਹਾਇਸ਼ ਸਾਫ ਰੱਖੇ। ਆਪਣੇ ਘਰਾਂ, ਮੁਹੱਲਿਆਂ, ਪਿੰਡਾਂ, ਸ਼ਹਿਰਾਂ ਅਤੇ ਦਫਤਰਾਂ ਵਿਚ ਹਰ ਸ਼ੁੱਕਰਵਾਰ ਡ੍ਰਾਈ ਡੇਅ ਮਨਾਇਆ ਜਾਵੇ। ਇਸ ਦਿਨ ਕੂਲਰਾਂ, ਗਮਲਿਆਂ, ਫਰਿੱਜਾਂ ਦੀ ਟ੍ਰੇਆਂ ਅਤੇ ਹੋਰ ਪਾਣੀ ਦੇ ਭਾਂਡਿਆਂ ਨੁੰ ਸਾਫ ਕਰਕੇ ਸੁਕਾ ਰਖਿਆ ਜਾਵੇ।
ਇਸ ਦੇ ਨਾਲ ਹੀ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਨੇ ਦਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਰਾਸ਼ਟਰੀ ਵੈਕਟਰ ਬੋਰਨ ਡਜੀਜ ਕੰਟਰੋਲ ਪ੍ਰੋਗਰਾਮ ਅਧੀਨ ਡੇਂਗੂ ਅਤੇ ਚਿਕੁਨਗੁਨੀਆ ਦੀ ਰੋਕਥਾਮ ਅਤੇ ਪ੍ਰਭਾਵ ਨੂੰ ਰੋਕਣ ਲਈ ਹਰ ਹਫਤੇ ਦੇ ਸ਼ੁਕਰਵਾਰ ਨੂੰ “ਡਰਾਈ ਡੇ” ਵਜੋਂ ਮਨਾਇਆ ਜਾਂਦਾ ਹੈ, ਭਾਵ ਕਿ ਹਰ ਤਰਾਂ ਦੇ ਪਾਣੀ ਦੇ ਕੰਨਟੇਨਰਾਂ ਦੀ ਸਫਾਈ ਕਰਵਾ ਕੇ ਹਰ ਸ਼ੁਕਰਵਾਰ ਨੂੰ ਉਹਨਾਂ ਨੂੰ ਸੁੱਕਾ ਕੇ ਰਖਿਆ ਜਾਂਵੇ। ਇਸ ਲਈ ਜਿਲ੍ਹੇ ਵਿਚ ਸਥਿਤ ਸਮੂਹ ਸਰਕਾਰੀ ਅਤੇ ਗੈਰ ਸਰਕਾਰੀ ਦਫਤਰਾਂ ਦੇ ਅਧਿਕਾਰੀ, ਕਾਰਖਾਨੇਦਾਰ ਦੇ ਮਾਲਕ ਅਤੇ ਪੰਕਚਰ ਦੇ ਪੁਰਾਣੇ ਟਾਇਰਾਂ ਦੀਆਂ ਦੁਕਾਨਾਂ ਦੇ ਮਾਲਕ ਹਰ ਹਫਤੇ ਦੇ ਸ਼ੁਕਰਵਾਰ ਵਾਲੇ ਦਿਨ ਕੂਲਰਾਂ, ਫਰਿੱਜਾਂ ਦੀਆਂ ਵੇਸਟ ਪਾਣੀਆਂ ਦੀਆਂ ਟਰੇਆਂ, ਗਮਲਿਆਂ, ਟੁੱਟੇ-ਫੁੱਟੇ ਬਰਤਨ, ਬੇਕਾਰ ਪਏ ਟਾਇਰਾਂ ਅਤੇ ਹੋਰ ਪਾਣੀ ਨਾਲ ਸਬੰਧਤ ਕੰਨਟੇਨਰਾਂ ਨੂੰ ਖਾਲੀ ਕਰਕੇ ਸੁਕਾਉਣਾ ਯਕੀਨੀ ਬਣਾਉਣ ਤਾਂ ਜੋ ਕਿ ਮੱਛਰ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ।ਅਜਿਹੇ ਕਪੜੇ ਪਹਿਨੋ ਜਿਸ ਦੇ ਨਾਲ ਸ਼ਰੀਰ ਪੂਰਾ ਢੱਕਿਆ ਜਾਵੇ।
ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬੁਖਾਰ ਹੋਣ ਦੀ ਸੂਰਤ ਵਿਚ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿਚ ਸੰਪਰਕ ਕਰਨ।ਬੁਖਾਰ ਵਾਸਤੇ ਕੰਫਰਮੇਟਰੀ ਟੈਸਟ ਉਪਲਬਧ ਹੈ। ਸਿਵਲ ਹਸਪਤਾਲ ਬੱਬਰੀ, ਅਤੇ ਸਿਵਲ ਹਸਪਤਾਲ ਬਟਾਲਾ ਵਿਖੇ ਡੇਂਗੂ ਦੇ ਕੰਨਫਰਮੇਟਰੀ ਟੈਸਟ ਬਿਲਕੁੱਲ ਮੁਫਤ ਕੀਤੇ ਜਾਂਦੇ ਹਨ।
ਉਹਨਾਂ ਨੇ ਕਿਹਾ ਕਿ ਸਮੂਹ ਵਿਭਾਗ ਦੁਆਰਾ ਆਪਣੇ ਅਧਿਕਾਰ ਖੇਤਰ ਵਿਚ ਗਲੀਆਂ ਨਾਲੀਆਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਗਲੀਆਂ ਅਤੇ ਨਾਲੀਆਂ ਵਿਚ ਪਾਣੀ ਖੜਾ੍ਹ ਨਾ ਹੋਣ ਦਿੱਤਾ ਜਾਵੇ। ਟੋਏ ਭਰ ਦਿੱਤੇ ਜਾਣ ਅਤੇ ਕੂੜੇ ਦੇ ਢੇਰ ਨਾ ਲਗਣ ਦਿੱਤੇ ਜਾਣ। ਜੇਕਰ ਕਿਤੇ ਪਾਣੀ ਦੀਆਂ ਪਾਈਪਾਂ ਦੀ ਲੀਕੇਜ ਹੋਵੇ ਜਾਂ ਪਾਈਪਾਂ ਨਾਲੀਆਂ ਵਿਚੋਂ ਗੁਜਰ ਰਹੀਆਂ ਹੋਣ ਤਾਂ ਇਸ ਨੂੰ ਤੁਰੰਤ ਠੀਕ ਕਰਵਾਇਆ ਜਾਵੇ।
ਇਸ ਮੌਕੇ ਡਾ. ਅਰਵਿੰਦ ਮਨਚੰਦਾ, ਡੀ.ਆਈ.ਓ., ਡਾ. ਮਮਤਾ, ਆਰ.ਐਮ.ਓ., ਡਾ. ਵੰਦਨਾ, ਐਪੀਡਿਮਾਲੋਜਿਸਟ, ਕੰਵਲਜੀਤ ਸਿੰਘ, ਸ਼ਿਵ ਚਰਨ (ਏ.ਐਮ.ਓ.), ਮਲੇਰੀਆ ਸ਼ਾਖਾ ਦੇ ਮ.ਪ.ਸੁਪ.(ਮੇਲ) ਜੋਬਨਪ੍ਰੀਤ ਸਿੰਘ, ਖਦਿਆਲ, ਸ਼ਹਰਪ੍ਰੀਤ ਸਿੰਘ, ਪ੍ਰਬੋਧ ਚੰਦਰ, ਮ.ਪ.ਹ.ਵ.(ਮੇਲ) ਸ਼੍ਰੀ ਹਰਚਰਨ ਸਿੰਘ, ਹਰਵੰਤ ਸਿੰਘ ਆਦਿ ਹਾਜਰ ਹੋਏ।