ਪ੍ਰਭਾਵਤ ਲੋਕਾਂ ਦੀ ਸਿਹਤਯਾਬੀ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ : ਡਾ. ਦਵਿੰਦਰ ਕੁਮਾਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਜੁਲਾਈ 2024
ਜ਼ਿਲ੍ਹੇ ਦੇ ਪਿੰਡ ਕੁੰਭੜਾ ਵਿਚ ਬੁਖ਼ਾਰ, ਦਸਤ ਅਤੇ ਉਲਟੀਆਂ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਸਿਹਤ ਵਿਭਾਗ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਰਗਰਮ ਹਨ। ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਨੇ ਅੱਜ ਸਥਾਨਕ ਜ਼ਿਲ੍ਹਾ ਹਸਪਤਾਲ ਵਿਚ ਜਾ ਕੇ ਸਬੰਧਤ ਮਰੀਜ਼ਾਂ ਦਾ ਹਾਲ ਜਾਣਿਆ।
ਜ਼ਿਕਰਯੋਗ ਹੈ ਕਿ ਕੁੱਝ ਮਰੀਜ਼ ਇਸ ਹਸਪਤਾਲ ਵਿਚ ਦਾਖ਼ਲ ਹਨ ਜਦਕਿ ਬਾਕੀ ਮਰੀਜ਼ ਆਪੋ-ਆਪਣੇ ਘਰੇ ਡਾਕਟਰਾਂ ਦੀ ਨਿਗਰਾਨੀ ਹੇਠ ਸਿਹਤਯਾਬ ਹੋ ਰਹੇ ਹਨ। ਡਾ. ਦਵਿੰਦਰ ਕੁਮਾਰ ਨੇ ਦਸਿਆ ਕਿ ਹਸਪਤਾਲ ਵਿਚ ਦਾਖ਼ਲ ਅਤੇ ਹੋਰ ਸਾਰੇ ਮਰੀਜ਼ਾਂ ਦੀ ਹਾਲਤ ਠੀਕ ਹੈ ਅਤੇ ਡਾਕਟਰ ਉਨ੍ਹਾਂ ਦੀ ਸਿਹਤ ’ਤੇ ਦਿਨ-ਰਾਤ ਨਜ਼ਰ ਰੱਖ ਰਹੇ ਹਨ। ਉਨ੍ਹਾਂ ਦਸਿਆ ਕਿ ਪਿੰਡ ਵਿਚ ਮੈਡੀਕਲ ਕੈਂਪ ਪਹਿਲਾਂ ਹੀ ਲਗਾ ਦਿਤਾ ਗਿਆ ਹੈ ਜਿਹੜਾ 24 ਘੰਟੇ ਚੱਲ ਰਿਹਾ ਹੈ। ਪ੍ਰਭਾਵਿਤ ਲੋਕਾਂ ਨੂੰ ਓ.ਆਰ.ਐਸ. ਦੇ ਪੈਕੇਟ ਅਤੇ ਜ਼ਰੂਰੀ ਦਵਾਈਆਂ ਦਿਤੀਆਂ ਜਾ ਰਹੀਆਂ ਹਨ।
ਸਿਹਤ ਵਿਭਾਗ ਦੀਆਂ ਟੀਮਾਂ ਨੇ ਘਰ-ਘਰ ਜਾ ਕੇ ਸਰਵੇ ਵੀ ਕੀਤਾ ਹੈ ਤਾਂਕਿ ਕੋਈ ਮਾਮਲਾ ਸਾਹਮਣੇ ਆਉਣ ਤੋਂ ਪਹਿਲਾਂ ਹੀ ਲੋੜੀਂਦੀ ਮੈਡੀਕਲ ਸਹਾਇਤਾ ਦਿਤੀ ਜਾ ਸਕੇ। ਇਸ ਤੋਂ ਇਲਾਵਾ ਪਿੰਡ ਦੇ ਪ੍ਰਭਾਵਤ ਏਰੀਏ ਵਿਚ ਹੋ ਰਹੀ ਪਾਣੀ ਦੀ ਸਪਲਾਈ ਦੀਆਂ ਲਾਈਨਾਂ ’ਚੋਂ ਅਤੇ ਹੋਰ ਥਾਈਂ ਪਾਣੀ ਦੇ ਸੈਂਪਲ ਵੀ ਲਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਮਰੀਜ਼ਾਂ ਦੀ ਸਿਹਤ ਦਾ ਪੂਰਾ ਖ਼ਿਆਲ ਰਖਿਆ ਜਾ ਰਿਹਾ ਹੈ।
ਇਸ ਦੌਰਾਨ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਉਬਾਲ ਕੇ ਪੀਣ ਅਤੇ ਬੁਖ਼ਾਰ ਜਾਂ ਹੋਰ ਸਬੰਧਤ ਬੀਮਾਰੀ ਦੇ ਮਾੜੇ-ਮੋਟੇ ਲੱਛਣ ਦਿਸਣ ’ਤੇ ਹੀ ਨਜ਼ਦੀਕੀ ਸਿਹਤ ਕੇਂਦਰ ਵਿਚ ਪਹੁੰਚਣ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਦੇ ਗੰਧਲੇਪਣ ਕਾਰਨ ਅਜਿਹੀਆਂ ਬੀਮਾਰੀਆਂ ਹੋ ਜਾਂਦੀਆਂ ਹਨ, ਇਸ ਲਈ ਸਭ ਨੂੰ ਫ਼ਿਲਟਰ ਕੀਤਾ ਪਾਣੀ ਜਾਂ ਉਬਾਲਿਆ ਪਾਣੀ ਪੀਣਾ ਚਾਹੀਦਾ ਹੈ ਖ਼ਾਸਕਰ ਬਰਸਾਤ ਦੇ ਮੌਸਮ ਵਿਚ ਇਹ ਬੇਹੱਦ ਜ਼ਰੂਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਪੂਰੀ ਤਰ੍ਹਾਂ ਯਤਨਸ਼ੀਲ ਹੈ ਕਿ ਹੋਰ ਲੋਕ ਬੀਮਾਰੀ ਦੀ ਲਪੇਟ ਵਿਚ ਨਾ ਆਉਣ ਅਤੇ ਮਰੀਜ਼ ਜਲਦ ਤੋਂ ਜਲਦ ਰਾਜ਼ੀ ਹੋਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਸਬੰਧੀ ਕਿਸੇ ਵੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਐਸ.ਐਮ.ਓ. ਡਾ. ਐਚ.ਐਸ. ਚੀਮਾ ਵੀ ਮੌਜੂਦ ਸਨ।
ਫ਼ੋਟੋ ਕੈਪਸ਼ਨ : ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਮਰੀਜ਼ਾਂ ਦਾ ਹਾਲ ਜਾਣਦੇ ਹੋਏ।