ਬਰਨਾਲਾ, 10 ਸਤੰਬਰ
ਡਾ. ਜਸਬੀਰ ਸਿੰਘ ਔਲ਼ਖ, ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੇ ਉੱਚੇ ਅਤੇ ਤਸੱਲੀਬਖਸ਼ ਮਿਆਰ ਨੂੰ ਬਣਾਈ ਰੱਖਣ ਲਈ ਹਮੇਸ਼ਾ ਤੱਤਪਰ ਹਨ। ਇਸ ਲਈ ਉਹਨਾਂ ਵੱਲੋਂ ਲਗਾਤਾਰ ਲੋਕਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਪ੍ਰਤੀ ਜਾਨਣ ਲਈ ਜ਼ਿਲ੍ਹੇ ਦੀਆਂ ਵੱਖ- ਵੱਖ ਸਰਕਾਰੀ ਸਿਹਤ ਸੰਸਥਾਵਾਂ ਦਾ ਦੌਰਾ ਕੀਤਾ ਜਾਂਦਾ ਰਹਿੰਦਾ ਹੈ।
ਇਸੇ ਕੜੀ ਤਹਿਤ ਕਮਿਊਨਿਟੀ ਹੈਲਥ ਸੈਂਟਰ ਧਨੌਲਾ ਵਿਖੇ ਕੀਤੇ ਗਏ ਦੌਰੇ ਤੋਂ ਬਾਅਦ ਜਾਣਕਾਰੀ ਦਿੰਦਿਆ ਡਾ. ਜਸਬੀਰ ਸਿੰਘ ਔਲ਼ਖ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਦੌਰਾ ਆਮ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦੀ ਜਾਂਚ ਕਰਨਾ ਅਤੇ ਹਸਪਤਾਲ ਦੇ ਸਮੂਹ ਸਟਾਫ਼ ਨੂੰ ਆਪਣੀ ਡਿਊਟੀ ਜਿੰਮੇਵਾਰੀ ਤੇ ਤਨਦੇਹੀ ਨਾਲ ਨਿਭਾਂਉਣ ਲਈ ਵਚਨਬੱਧ ਬਣਾਉਣ ਲਈ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਦੌਰੇ ਉਪਰੰਤ ਪਾਈਆਂ ਗਈਆਂ ਖਾਮੀਆਂ ਨੂੰ ਦੂਰ ਕਰਨ ਲਈ ਉਨ੍ਹਾਂ ਵੱਲੋਂ ਐਸ.ਐਮ.ਓ. ਧਨੌਲਾ ਨੂੰ ਹਦਾਇਤ ਕੀਤੀ ਗਈ ਗਈ ਹੈ ਕਿ ਹਸਪਤਾਲ ਦੀ ਸਾਫ਼-ਸਫਾਈ, ਡਿਊਟੀ ਸਟਾਫ਼ ਦੀ ਹਾਜ਼ਰੀ, ਮਰੀਜ ਦੀ ਪਰਚੀ ‘ਤੇ ਪੂਰਨ ਜਾਣਕਾਰੀ, ਦਵਾਈਆਂ ਤੇ ਲੈਬ ਟੈਸਟ ਦੀ ਪੂਰੀ ਜਾਣਕਾਰੀ,( ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕਰਮ ਅਤੇ 24 ਘੰਟੇ ਐਮਰਜੈਂਸੀ ਮਰੀਜ਼) ਦਾ ਕੋਈ ਖਰਚਾ ਨਹੀਂ ਹੋਣਾ ਚਾਹੀਦਾ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਸਿਹਤ ਸਹੂਲਤਾਂ ਨੂੰ ਹਰ ਹਾਲਤ ਵਿੱਚ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਦੇ ਯੋਗ ਲਾਭਪਾਤਰੀਆਂ ਦੇ ਵੱਧ ਤੋਂ ਵੱਧ ਕਾਰਡ ਬਣਾਏ ਜਾਣ ‘ਤੇ ਇਸ ਸਕੀਮ ਦਾ ਲਾਭ ਦਿੱਤਾ ਜਾਵੇ। ਇਸ ਮੌਕੇ ਧਨੌਲਾ ਸੇਵਾ ਸਦਨ ਵੱਲੋਂ ਅੱਖਾਂ ਦਾ ਕੈਂਪ ਲਗਾਉਣ ਲਈ ਬੇਨਤੀ ਕੀਤੀ ਗਈ, ਜਿਸ ਨੂੰ ਮੌਕੇ ‘ਤੇ ਹੀ ਸਿਵਲ ਸਰਜਨ ਬਰਨਾਲਾ ਵੱਲੋਂ ਪ੍ਰਵਾਨ ਕੀਤਾ ਗਿਆ।
ਡਾ. ਔਲ਼ਖ ਵੱਲੋਂ ਹਸਪਤਾਲ ਦਾ ਦੌਰਾ ਕਰਨ ਉਪਰੰਤ ਧਨੌਲਾ ਰਾਮ ਲੀਲਾ ਗਰਾਊਂਡ ਵਿਖੇ ਲਗਾਏ ਗਏ ਕੋਰੋਨਾ ਟੀਕਾਕਰਨ ਕੈਂਪ ਦਾ ਵੀ ਜ਼ਾਇਜਾ ਲਿਆ ਗਿਆ, ਜਿੱਥੇ ਵਪਾਰ ਮੰਡਲ ਧਨੌਲਾ ਵੱਲੋਂ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਅਤੇ ਡਾ. ਮਨੀਸ਼ਾ ਕਪੂਰ ਸੀਨੀਅਰ ਮੈਡੀਕਲ ਅਫਸਰ ਧਨੌਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸਿਵਲ ਸਰਜਨ ਬਰਨਾਲਾ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਦੀ ਸਿਹਤ ਪ੍ਰਤੀ ਪੂਰਨ ਰੂਪ ਵਿੱਚ ਸੁਚੇਤ ਹੋ ਕੇ ਆਪਣਾ ਕਾਰਜ ਕਰ ਰਿਹਾ ਹੈ ਅਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਅੱਜ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ“ਤੇ ਕੋਰੋਨਾ ਟੀਕਾਕਰਨ ਲਈ ਸਿਹਤ ਵਿਭਾਗ ‘ਤੇ ਪ੍ਰਸ਼ਾਸਨ ਦਾ ਸਹਿਯੋਗ ਦੇਣ ਤਾਂ ਜੋ ਕੋਰੋਨਾ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ।
ਇਸ ਮੌਕੇ ਡਾ. ਮਨੀਸ਼ਾ ਕਪੂਰ ਸੀਨੀਅਰ ਮੈਡੀਕਲ ਅਫਸਰ ਧਨੌਲਾ, ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ, ਬਲਰਾਜ ਸਿੰਘ ਬੀ.ਈ.ਈ. ਧਨੌਲਾ ਤੇ ਸਿਹਤ ਵਿਭਾਗ ਦਾ ਸਟਾਫ਼ ਆਦਿ ਹਾਜ਼ਰ ਸਨ।