ਸਿਹਤ ਵਿਭਾਗ ਤਰਨ ਤਾਰਨ ਵੱਲੋਂ ਮਲੇਰੀਆ ਮਹੀਨੇ ਦੌਰਾਨ ਗਤੀਵਿਧੀਆਂ ਜਾਰੀ-ਸਿਵਲ ਸਰਜਨ ਡਾ. ਰੋਹਿਤ ਮਹਿਤਾ

ਸਮੂਹ ਸਰਕਾਰੀ ਹਸਪਤਾਲਾਂ ਅਤੇ ਸਬ ਸੈਂਟਰ ਪੱਧਰ ‘ਤੇ ਜਾਗਰੂਕਤਾ ਕੈਂਪ ਲਗਾ ਕੇ ਲੋਕਾ ਨੂੰ ਮਲੇਰੀਆ ਬੁਖਾਰ ਸਬੰਧੀ ਕੀਤਾ ਜਾ ਰਿਹਾ ਜਾਗਰੂਕ
ਤਰਨ ਤਾਰਨ, 21 ਜੂਨ 2021
ਪੰਜਾਬ ਸਰਕਾਰ ਦੁਆਰਾ ਮਹੀਨਾ ਜੂਨ ਨੂੰ ਐਂਟੀ ਮਲੇਰੀਆ ਮਹੀਨਾ ਵਜੋਂ ਮਨਾਇਆ ਜਾਂਦਾ ਹੈ, ਇਸੇ ਸਿਲਸਿਲੇ ਵਿੱਚ ਜ਼ਿਲਾ ਤਰਨ ਤਾਰਨ ਵਿੱਚ ਵੀ ਢੁੱਕਵੀਆਂ ਗਤੀਵਧੀਆ ਜਾਰੀ ਹਨ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਕਿਹਾ ਕਿ ਪੰਜਾਬ ਰਾਜ ਵੱਲੋਂ ਮਲੇਰੀਆ ਐਲੀਮੀਨੇਸ਼ਨ ਕੈਮਪੇਨ ਲਾਂਚ ਕਰ ਦਿੱਤਾ ਗਿਆ ਹੈ, ਜਿਸ ਅਧੀਨ ਪੰਜਾਬ ਰਾਜ ਨੂੰ ਮਲੇਰੀਆ ਮੁਕਤ ਕਰਨ ਦਾ ਟੀਚਾ ਹੈ ।
ਉਹਨਾਂ ਕਿਹਾ ਕਿ ਜ਼ਿਲਾ ਤਰਨ ਤਾਰਨ ਦੇ ਸਮੂਹ ਸਰਕਾਰੀ ਹਸਪਤਾਲਾਂ/ਸੀ. ਐੱਚ. ਸੀ/ ਪੀ. ਐੱਚ. ਸੀ. ਅਤੇ ਸਬ ਸੈਂਟਰ ਪੱਧਰ ‘ਤੇ ਜਾਗਰੂਕਤਾ ਕੈਂਪ ਲਗਾ ਕੇ ਲੋਕਾ ਨੂੰ ਮਲੇਰੀਆ ਬੁਖਾਰ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ।
ਉਹਨਾਂ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਠੰਡ ਅਤੇ ਕਾਂਬੇ ਨਾਲ ਬੁਖਾਰ ਹੋਣਾ, ਤੇਜ਼ ਬੁਖਾਰ, ਉਲਟੀਆਂ, ਸਿਰ ਦਰਦ ਹੋਣਾ, ਬੁਖਾਰ ਉੱਤਰਨ ਤੋਂ ਬਾਅਦ ਕਮਜ਼ੋਰੀ ਮਹਿਸੂਸ ਹੋਣੀ ਅਤੇ ਪਸੀਨਾ ਆਉਣਾ ਆਦਿ ਮਲੇਰੀਆ ਦੇ ਲੱਛਣ ਹਨ । ਉਹਨਾਂ ਕਿਹਾ ਕਿ ਮਲੇਰੀਆ ਜਿਹੀ ਬਿਮਾਰੀ ਤੋਂ ਬਚਣ ਲਈ ਸਾਨੂੰ ਚਾਹੀਦਾ ਹੈ ਕਿ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਫਰਿੱਜ਼ਾਂ ਦੀਆਂ ਟਰੇਆਂ ਅਤੇ ਕੂਲਰਾਂ ਦਾ ਪਾਣੀ ਹਫਤੇ ਵਿੱਚ ਇੱਕ ਵਾਰ ਜਰੂਰ ਬਦਲਿਆ ਜਾਵੇ, ਛੱਪੜਾਂ ਵਿੱਚ ਖੜੇ ਪਾਣੀ ਵਿੱਚ ਹਫਤੇ ਵਿੱਚ ਇੱਕ ਵਾਰ ਕਾਲੇ ਤੇਲ ਦਾ ਛਿੜਕਾਵ ਕੀਤਾ ਜਾਵੇ, ਕੱਪੜੇ ਅਜਿਹੇ ਪਹਿਨੇ ਜਾਣ ਕਿ ਸਰੀਰ ਪੂਰੀ ਤਰਾਂ ਢਕਿਆ ਰਹੇ ਤਾਂ ਕਿ ਸਾਨੂੰ ਮੱਛਰ ਨਾ ਕੱਟ ਸਕੇ, ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰਨਾ ਚਾਹੀਦਾ ਹੈ ।
ਇਸ ਤੋ ਇਲਾਵਾ ਉਹਨਾਂ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਮਰੀਜ਼ ਨੂੰ ਉਪਰੋਕਤ ਲੱਛਣ ਹੁੰਦੇ ਹਨ ਤਾਂ ਉਹ ਤੁਰੰਤ ਆਪਣਾ ਟੈਸਟ ਅਤੇ ਇਲਾਜ ਨਜ਼ਦੀਕੀ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕਰਵਾਉੇ ਜੋ ਕਿ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ । ਮਲੇਰੀਆ ਮਰੀਜ਼ ਦੇ ਇਲਾਜ ਲਈ ਰੈਡੀਕਲ ਟ੍ਰੀਟਮੈਂਟ ਜਰੂਰੀ ਹੈ ਤਾਂ ਜੋ ਮਰੀਜ਼ ਵਿੱਚ ਮਲੇਰੀਆ ਦੇ ਪੈਰਾਸਾਈਟ ਨਸ਼ਟ ਕੀਤੇ ਜਾ ਸਕਣ।
ਸਿਵਲ ਸਰਜਨ ਨੇ ਦੱਸਿਆ ਕਿ ਮੱਛਰਾਂ ਦੇ ਵਾਧੇ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਿਹਤ ਵਿਭਾਗ ਵੱਲੋ ਜ਼ਿਲਾ ਤਰਨ ਤਾਰਨ ਵਿੱਚ ਬਣੇ ਸਾਰੇ ਛੱਪੜਾਂ ਵਿੱਚ ਜਿਹਨਾਂ ਵਿੱਚ ਮੱਛੀ ਪਾਲਣ ਵਿਭਾਗ ਵੱਲੋ ਮੱਛੀ ਪਾਲਣ ਨਹੀਂ ਕੀਤਾ ਜਾਂਦਾ ਹੈ, ਉਹਨਾਂ ਵਿੱਚ ਗੰਬੂਜ਼ੀਆ ਮੱਛੀਆ ਛੱਡੀਆ ਜਾ ਰਹੀਆ ਹਨ, ਕਿਉਂਕਿ ਇਹ ਮੱਛੀਆਂ ਜਿੱਥੇ ਮੱਛਰਾਂ ਦੇ ਲਾਰਵੇ ਨੂੰ ਖਤਮ ਕਰਦੀਆਂ ਹਨ, ਉਥੇ ਹੀ ਇਸ ਨਾਲ ਲੋਕਾਂ ਨੂੰ ਮਲੇਰੀਆਂ ਅਤੇ ਡੇਂਗੂ ਜਿਹੀਆਂ ਭਿਆਨਕ ਬਿਮਾਰੀਆਂ ਤੋ ਕਾਫੀ ਰਾਹਤ ਮਿਲੇਗੀ।
ਇਸ ਮੌਕੇ ‘ਤੇ ਸਹਾਇਕ ਮਲੇਰੀਆ ਅਫ਼ਸਰ ਕੰਵਲ ਬਲਰਾਜ ਸਿੰਘ ਪੱਖੋਕੇ ਅਤੇ ਗੁਰਬਖ਼ਸ਼ ਸਿੰਘ ਔਲਖ ਐੱਸ. ਆਈ. ਅਤੇ ਮਨਰਾਜਬੀਰ ਸ਼ਾਮਲ ਸਨ ।

Spread the love