ਸਿਹਤ ਵਿਭਾਗ ਨੇ ਮਨਾਇਆ ‘ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ’

ਖੂਨ ਦੀ ਕਮੀ ਨਾਲ ਬੱਚਿਆਂ ਦੇ ਸਰੀਰਿਕ ਤੇ ਮਾਨਸਿਕ ਵਾਧੇ ‘ਚ ਪੈਦਾ ਹੁੰਦੀਆਂ ਹਨ ਰੁਕਾਵਟਾਂ : ਡਾ ਬਲਵਿੰਦਰ ਕੁਮਾਰ
ਪੇਟ ਦੇ ਕੀੜਿਆਂ ਤੋਂ ਮੁਕਤ ਬੱਚੇ ਰਹਿਣਗੇ ਸਿਹਤਮੰਦ : ਡਾ ਗੀਤਾਂਜਲੀ ਸਿੰਘ
ਨਵਾਂਸ਼ਹਿਰ, 25 ਅਗਸਤ 2021 ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਜੀ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਨੇ ਅੱਜ ਜ਼ਿਲ੍ਹੇ ਵਿੱਚ 1-19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਾਉਣ ਲਈ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਦਾ ਮੁੱਖ ਮਕਸਦ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਾਉਣਾ ਹੈ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਬਲਵਿੰਦਰ ਕੁਮਾਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਬੱਚਿਆਂ ਨੂੰ ਅਲਬੈਂਡਾਜੋਲ ਦੀਆਂ ਗੋਲੀਆਂ ਖੁਵਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਦੱਸਿਆ ਕਿ ਜ਼ਿਲ੍ਹੇ ਦੇ 1 ਸਾਲ ਤੋਂ 19 ਸਾਲ ਤੱਕ ਦੇ ਤਕਰੀਬਨ ਡੇਢ ਲੱਖ ਬੱਚਿਆਂ ਨੂੰ ਅੱਜ ਅਤੇ 1 ਸਤੰਬਰ ਨੂੰ ਐਲਬੇਂਡਾਜੋਲ ਦੀ ਖੁਰਾਕ ਖੁਆ ਕੇ ਇਸ ਮੁਹਿੰਮ ਨੂੰ ਸਫਲਤਾਪੂਰਵਕ ਨੇਪੜੇ ਚਾੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜੋ ਬੱਚੇ ਅੱਜ ਕਿਸੇ ਕਾਰਨ ਕਰਕੇ ਐਲਬੇਂਡਾਜੋਲ ਗੋਲੀ ਖਾਣ ਤੋਂ ਵਾਂਝੇ ਰਹਿ ਜਾਣਗੇ, ਉਨ੍ਹਾਂ ਨੂੰ ਇਹ ਖ਼ੁਰਾਕ 1 ਸਤੰਬਰ 2021 ਨੂੰ ਮੋਪ-ਅਪ ਡੇਅ ਵਾਲੇ ਦਿਨ ਖੁਆਈ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਸਰਕਾਰੀ ਸਕੂਲਾਂ, ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ, ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਬੱਚਿਆਂ, ਆਂਗਣਵਾੜੀ ਸੈਂਟਰਾਂ ਵਿੱਚ ਰਜਿਸਟਰਡ ਬੱਚਿਆਂ, ਕਿਸੇ ਕਾਰਨ ਪੜ੍ਹਾਈ ਛੱਡ ਚੁੱਕੇ 1 ਤੋਂ 19 ਸਾਲ ਤੱਕ ਦੇ 100 ਫੀਸਦੀ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਨੇ ਸਕੂਲੀ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਅਧੀਨ 1 ਤੋਂ 2 ਸਾਲ ਤੱਕ ਦੇ ਬੱਚਿਆਂ ਨੂੰ 5 ਐੱਮ.ਐੱਲ. ਸਿਰਪ ਅਤੇ 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ 1 ਗੋਲੀ (400 ਐੱਮ.ਜੀ.) ਅਲਬੈਂਡਾਜੋਲ ਦੀ ਖੁਆਈ ਜਾ ਰਹੀ ਹੈ। ਇਸ ਉਪਰਾਲੇ ਨਾਲ ਲੱਖਾਂ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਰਾਹਤ ਮਿਲੇਗੀ, ਕਿਉਂਕਿ ਜ਼ਿਆਦਾਤਰ ਬੱਚਿਆਂ ਵਿਚ ਪੇਟ ਦੇ ਕੀੜਿਆਂ ਕਾਰਨ ਰੋਜ਼ਾਨਾ ਦੀ ਖੁਰਾਕ ਦੇ ਘਟਣ ਕਾਰਨ ਸਰੀਰਕ ਕਮਜ਼ੋਰੀ, ਖੂਨ ਦੀ ਕਮੀ ਦੇ ਨਾਲ-ਨਾਲ ਬੱਚਿਆਂ ਵਿਚ ਚਿੜਚਿੜਾਪਣ ਦੇਖਣ ਵਿਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਸਰੀਰ ਵਿੱਚ ਖੂਨ ਦੀ ਕਮੀ ਨਾਲ ਬੱਚਿਆਂ ਦੇ ਸਰੀਰਿਕ ਤੇ ਮਾਨਸਿਕ ਵਾਧੇ ਵਿੱਚ ਰੁਕਾਵਟਾਂ ਪੈਦਾ ਹੁੰਦੀਆਂ ਹਨ ਤੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘੱਟ ਜਾਂਦੀ ਹੈ, ਇਸ ਲਈ ਬੱਚਿਆਂ ਦੇ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਲਈ ਐਲਬੇਂਡਾਜੋਲ ਗੋਲੀਆਂ ਖੁਵਾਉਣੀਆਂ ਬਹੁਤ ਜ਼ਰੂਰੀ ਹਨ ਪਰ ਹੁਣ ਇਸ ਖੁਰਾਕ ਨਾਲ ਬੱਚਿਆਂ ਨੂੰ ਬਿਮਾਰੀਆਂ ਦੇ ਨਾਲ ਖੂਨ ਦੀ ਕਮੀ ਤੋਂ ਵੀ ਛੁਟਕਾਰਾ ਮਿਲੇਗਾ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਸੂਰਜ ਬਾਲੀ, ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਜਗਤ ਰਾਮ, ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Spread the love