ਫਾਜਿਲਕਾ 21 ਅਗਸਤ 2024
ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ ਦੀ ਅਗਵਾਈ ਵਿੱਚ ਜਿਲ੍ਹਾ ਫਾਜਿਲਕਾ ਵਿੱਚ ਅੱਖਾਂ ਦਾਨ ਕਰਨ ਸਬੰਧੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਡਾ ਚੰਦਰ ਸ਼ੇਖਰ ਨੇ ਦੱਸਿਆ ਕਿ ਸਿਹਤ ਵਿਭਾਗ ਫਾਜਿਲਕਾ ਵੱਲੋਂ ਅੱਖਾਂ ਦਾਨ ਸਬੰਧੀ ਪੰਦਰਵਾੜਾ ਮਿਤੀ 25 ਅਗਸਤ ਤੋ 8 ਸਤੰਬਰ 2024 ਤੱਕ ਮਨਾਇਆ ਜਾ ਰਿਹਾ ਹੈ। ਇਸ ਪੰਦਰਵਾੜੇ ਦਾ ਉਦੇਸ਼ ਲੋਕਾਂ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ, ਅੱਖਾਂ ਦੀ ਬਿਮਾਰੀਆਂ ਸਬੰਧੀ ਅਤੇ ਇਲਾਜ ਸਬੰਧੀ ਜਾਗਰੂਕ ਕਰਨਾ ਹੈ। ਇਸ ਪੰਦਰਵਾੜੇ ਦੌਰਾਨ ਸਿਹਤ ਵਿਭਾਗ ਦੇ ਸਮੂਹ ਸਟਾਫ਼ ਵੱਲੋਂ ਲੋਕਾਂ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ ਦੇ ਨਾਲ ਨਾਲ ਅੱਖਾਂ ਦੀਆਂ ਬਿਮਾਰੀਆਂ, ਅੰਨੇ੍ਹਪਣ ਦੇ ਕਾਰਣ ਅਤੇ ਇਲਾਜ ਸਬੰਧੀ ਵੀ ਜਾਗਰੂਕ ਕੀਤਾ ਜਾਵੇਗਾ।
ਡਾ ਚੰਦਰ ਸ਼ੇਖਰ ਨੇ ਦੱਸਿਆ ਕਿ ਹਰ ਸਾਲ ਹਜ਼ਾਰਾਂ ਲੋਕ ਅੰਨ੍ਹੇਪਣ ਦਾ ਸ਼ਿਕਾਰ ਹੋ ਰਹੇ ਹਨ, ਪਰ ਅੱਖਾਂ ਦਾਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ। ਨੇਤਰਦਾਨ ਕਰਨ ਵਾਲਾ ਇੱਕ ਵਿਅਕਤੀ 2 ਲੋਕਾਂ ਨੂੰ ਰੋਸ਼ਨੀ ਦੇ ਸਕਦਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਉਮਰ ਵਿੱਚ, ਭਾਵੇਂ ਅੱਖਾਂ ਵਿੱਚ ਲੈਂਜ ਪਾਏ ਹੋਣ, ਐਨਕਾਂ ਲੱਗੀਆਂ ਹੋਣ, ਅੱਖਾਂ ਦਾ ਅਪ੍ਰੇਸ਼ਨ ਕੀਤਾ ਹੋਵੇ ਤਾਂ ਵੀ ਇਨਸਾਨ ਦੀਆਂ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਅੱਖਾਂ ਦਾਨ ਕਰਨ ਵਾਸਤੇ ਅੱਖਾਂ ਦੇ ਬੈਂਕ ਦੀ ਟੀਮ ਦੇ ਆਉਣ ਤੱਕ ਅੱਖਾਂ ਦੀ ਸਾਂਭ ਸੰਭਾਲ ਲਈ ਕਮਰੇ ਦਾ ਪੱਖਾ ਬੰਦ ਕਰ ਦਿੱਤਾ ਜਾਵੇ ਅਤੇ ਅੱਖਾਂ ਉੱਤੇ ਗਿੱਲਾ ਅਤੇ ਸਾਫ਼ ਕੱਪੜਾ ਰੱਖਿਆ ਜਾਵੇ ਅਤੇ ਸਿਰ ਥੱਲੇ ਸਿਰਹਣਾ ਰੱਖਿਆ ਜਾਵੇ। ਕਿਸੇ ਇਨਸਾਨ ਦੀ ਮੌਤ ਹੋਣ ਤੇ 6 ਤੋਂ 8 ਘੰਟਿਆਂ ਦੇ ਅੰਦਰ—ਅੰਦਰ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਅੱਖਾਂ ਦਾਨ ਕਰਨ ਦੀ ਪ੍ਰਕ੍ਰਿਆ ਸਿਰਫ਼ 10 ਤੋਂ 15 ਮਿੰਟਾਂ ਵਿੱਚ ਮੁਕੰਮਲ ਹੋ ਜਾਂਦੀ ਹੈ। ਉਹਨਾਂ ਦੱਸਿਆ ਕਿ ਏਡਜ, ਪੀਲੀਆ, ਦਿਮਾਗੀ ਬੁਖਾਰ ਅਤੇ ਬਲੱਡ ਕੈਂਸਰ ਵਾਲੇ ਮਰੀਜ਼ਾਂ ਦੀਆਂ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ। ਕਈ ਲੋਕ ਅੱਖਾਂ ਦਾਨ ਕਰਨ ਸਬੰਧੀ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਹਨ ਜਿਵੇਂ ਕਿ ਅੱਖਾਂ ਦਾਨ ਕਰਨ ਵਾਲਾ ਵਿਅਕਤੀ ਅਗਲੇ ਜਨਮ ਵਿੱਚ ਅੰਨ੍ਹਾ ਪੈਦਾ ਹੁੰਦਾ ਹੈ, ਪੂਰੀ ਅੱਖ ਕੱਢ ਲਈ ਜਾਂਦੀ ਹੈ ਆਦਿ। ਪਰ ਇਹ ਸਭ ਵਹਿਮ ਭਰਮ ਹੀ ਹਨ। ਉਹਨਾਂ ਦੱਸਿਆ ਕਿ ਅੱਖਾਂ ਦੀ ਸਹੀ ਤਰੀਕੇ ਨਾਲ ਸੰਭਾਲ ਕਰਨੀ ਚਾਹੀਦੀ ਹੈ, ਅੱਖ ਵਿੱਚ ਕੁਝ ਬਾਹਰੀ ਵਸਤੂ ਪੈਣ ਤੇ ਆਪਣੇ ਆਪ ਜਾਂ ਨੀਮ ਹਕੀਮ ਤੋਂ ਇਲਾਜ ਨਾ ਕਰਵਾਓ, ਬਲਕਿ ਮਾਹਿਰ ਡਾਕਟਰ ਤੋਂ ਇਲਾਜ ਕਰਵਾਓ। ਜ਼ਿਆਦਾ ਮੋਬਾਇਲ ਜਾਂ ਕੰਪਿਊਟਰ ਦੀ ਵਰਤੋਂ ਨਾ ਕਰੋ।
ਡਾ ਕਵਿਤਾ ਸਿੰਘ ਨੇ ਆਮ ਲੋਕਾਂ, ਮੀਡੀਆ ਅਤੇ ਸਵੈ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਅੱਖਾਂ ਦਾਨ ਕੀਤੀਆ ਜਾਣ ਅਤੇ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਹਿਯੋਗ ਦਿੱਤਾ ਜਾਵੇ। ਅੱਖਾਂ ਦਾਨ ਕਰਨ ਸਬੰਧੀ ਫਾਰਮ ਨੇੜੇ ਦੀ ਸਿਹਤ ਸੰਸਥਾ ਵਿੱਚ ਜਾ ਕੇ ਭਰੇ ਜਾ ਸਕਦੇ ਹਨ ਅਤੇ ਆਨਲਾਈਨ ਰਜਿਸਟ੍ਰੇਸ਼ਨ ਵੀ ਕੀਤੀ ਜਾ ਸਕਦੀ ਹੈ। ਜੇ ਕਿਸੇ ਨੇ ਫਾਰਮ ਨਹੀਂ ਭਰੇ ਜਾਂ ਰਜਿਸਟ੍ਰੇਸ਼ਨ ਨਹੀਂ ਕਰਵਾਈ ਤਾਂ ਵੀ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਇਸ ਸਮੇਂ ਡਾ ਐਰਿਕ, ਮਾਸ ਮੀਡੀਆ ਤੋਂ ਵਿਨੋਦ ਖੁਰਾਣਾ ਅਤੇ ਦਿਵੇਸ਼ ਹਾਜ਼ਰ ਸਨ।